ਬੇਗੋਵਾਲ ਪੁਲਸ ਵਲੋਂ 4 ਨੌਜਵਾਨ ਹੈਰੋਇਨ ਪੀਂਦੇ ਕਾਬੂ

08/30/2019 9:15:53 PM

ਬੇਗੋਵਾਲ, (ਰਜਿੰਦਰ)- ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨਾਂ ਨੂੰ ਬੇਗੋਵਾਲ ਪੁਲਸ ਨੇ ਹੈਰੋਇਨ ਪੀਂਦੇ ਗਿ੍ਰਫਤਾਰ ਕੀਤਾ ਹੈ। ਜਿਨ੍ਹਾਂ ਤੋਂ ਇਕ ਦਿਨ ਪਹਿਲਾਂ ਚੋਰੀ ਹੋਏ ਸੋਨੇ ਦੇ ਗਹਿਣੇ, ਘੜੀਆਂ ਤੇ 650 ਯੂਰੋ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਐੱਸ.ਐੱਚ.ਓ. ਬੇਗੋਵਾਲ ਸੁਖਦੇਵ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। 

ਉਨ੍ਹਾਂ ਦਸਿਆ ਕਿ ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਏ.ਐੱਸ.ਪੀ. ਭੁਲੱਥ ਡਾ. ਸਿਮਰਤ ਕੌਰ ਦੀ ਨਿਗਰਾਨੀ ਹੇਠ ਇਲਾਕੇ ਵਿਚ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਈ ਮੁਹਿੰਮ ਦੌਰਾਨ ਪੁਲਸ ਪਾਰਟੀ ਨੇ ਸੁਖਮਨੀ ਕਾਲੋਨੀ ਬੇਗੋਵਾਲ ਵਿਚ ਹੈਰੋਇਨ ਪੀਂਦੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ। ਜਿਨ੍ਹਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸੁਰਜੀਤ ਸਿੰਘ ਵਾਸੀ ਬੂਟ ਥਾਣਾ ਕੋਤਵਾਲੀ ਕਪੂਰਥਲਾ, ਸੰਦੀਪ ਸਿੰਘ ਉਰਫ ਰਾਜਾ ਪੁੱਤਰ ਰੁਲਦਾ ਸਿੰਘ ਵਾਸੀ ਵਾਰਡ ਨੰਬਰ 13 ਬੇਗੋਵਾਲ, ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਬਲਵੀਰ ਪਾਲ ਵਾਸੀ ਵਾਰਡ ਨੰਬਰ 10 ਬੇਗੋਵਾਲ ਤੇ ਜਤਿੰਦਰ ਸਿੰਘ ਪੁੱਤਰ ਫਜਾ ਰਾਮ ਵਾਸੀ ਬੇਗੋਵਾਲ ਵਜੋਂ ਹੋਈ। ਜਿਨ੍ਹਾਂ ਕੋਲੋਂ ਮੌਕੇ ’ਤੇ ਨਸ਼ਾ ਪੀਣ ਵਾਲਾ ਸਾਮਾਨ ਤੇ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਉਪਰੰਤ ਇਨ੍ਹਾਂ ਚਾਰਾਂ ਨੌਜਵਾਨਾਂ ਖਿਲਾਫ ਥਾਣਾ ਬੇਗੋਵਾਲ ਵਿਖੇ ਐੱਨ.ਡੀ.ਪੀ.ਐੱਸ. ਐਕਟ ਦਾ ਕੇਸ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। 

ਪੁਛਗਿੱਛ ਦੌਰਾਨ ਹੋਈ ਜਾਣਕਾਰੀ ਮੁਤਾਬਕ ਉਨ੍ਹਾਂ ਨੇ 28 ਤੇ 29 ਅਗਸਤ ਦੀ ਦਰਮਿਆਨੀ ਰਾਤ ਲਖਵਿੰਦਰ ਸਿੰਘ ਪੁੱਤਰ ਰੁਲਦਾ ਸਿੰਘ ਵਾਸੀ ਬੇਗੋਵਾਲ ਦੇ ਘਰ ਦਾ ਤਾਲਾ ਤੋੜ ਕੇ ਉਥੋਂ ਸੋਨੇ ਦੀਆਂ ਦੋ ਚੈਨਾਂ, 2 ਜੋੜੀਆਂ ਸੋਨੇ ਦੇ ਟੋਪਸ, ਇਕ ਜੈਟਸ ਘੜੀ, ਇਕ ਲੇਡੀ ਘੜੀ, 18 ਹਜ਼ਾਰ ਰੁਪਏ ਤੇ 650 ਐਰੋ (ਯੂਰੋ) ਵਿਦੇਸ਼ੀ ਕਰੰਸੀ ਦੇ ਚੋਰੀ ਕੀਤੇ ਸਨ। ਜਿਨ੍ਹਾ ਵਿਚੋਂ ਸੋਨੇ ਦੇ ਗਹਿਣੇ, ਘੜੀਆਂ ਤੇ 650 ਐਰੋ (ਯੂਰੋ) ਵਿਦੇਸ਼ੀ ਕਰੰਸੀ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੇ ਗਏ। ਐੱਸ.ਐੱਚ.ਓ. ਬੇਗੋਵਾਲ ਨੇ ਦਸਿਆ ਕਿ ਪੁਛਗਿੱਛ ਦੌਰਾਨ ਸੰਦੀਪ , ਜਤਿੰਦਰ ਤੇ ਲਵਪ੍ਰੀਤ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ 23 ਜੂਨ ਨੂੰ ਸਕੂਟਰੀ ’ਤੇ ਜਾਂਦੀਆਂ ਪਿੰਡ ਹਬੀਬਵਾਲ ਦੀਆਂ 2 ਔਰਤਾਂ ਕੋਲੋਂ ਮੋਬਾਈਲ ਫੋਨ ਤੇ 12 ਹਜ਼ਾਰ 300 ਰੁਪਏ ਦੀ ਖੋਹ ਕੀਤੀ ਸੀ। ਇਸ ਤੋਂ ਇਲਾਵਾ 17 ਜੁਲਾਈ ਨੂੰ ਢਾਈ ਵਜੇ ਇਕ ਔਰਤ ਕੋਲੋ ਸੋਨੇ ਦੀ ਚੇਨੀ ਝਪਟ ਮਾਰ ਕੇ ਖੋਹੀ ਸੀ ਤੇ 27 ਅਗਸਤ ਨੂੰ ਸ਼ਾਮ ਸਾਢੇ 6 ਵਜੇ ਬੇਗੋਵਾਲ ਤੋਂ ਟਾਹਲੀ ਜਾਂਦੀ ਔਰਤ ਦਾ ਮੰਗਲ ਸੂਤਰ ਤੇ ਸੋਨੇ ਦੀਆਂ 2 ਸ਼ਾਪਾ ਖੋਹਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਐੱਸ.ਐੱਚ.ਓ. ਬੇਗੋਵਾਲ ਨੇ ਦਸਿਆ ਕਿ ਇਨ੍ਹਾਂ ਖੋਹਾਂ ਸੰਬੰਧੀ ਪਹਿਲਾਂ ਹੀ ਥਾਣਾ ਬੇਗੋਵਾਲ ਵਿਖੇ ਕੇਸ ਦਰਜ ਹਨ ਤੇ ਇਨ੍ਹਾਂ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਤੇ ਹੋਰ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਲੁੱਟਾਂ-ਖੋਹਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
 

Bharat Thapa

This news is Content Editor Bharat Thapa