ਪੁਲਸ ਤੇ ਸਿਹਤ ਵਿਭਾਗ ਵੱਲੋਂ ਕਰਿਆਨੇ ਦੀ ਦੁਕਾਨ ''ਚ ਛਾਪੇਮਾਰੀ

03/01/2018 6:45:03 AM

ਕਪੂਰਥਲਾ, (ਭੂਸ਼ਣ, ਜ.ਬ., ਗੌਰਵ)- ਥਾਣਾ ਸਿਟੀ ਕਪੂਰਥਲਾ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਪੀਰ ਚੌਧਰੀ ਮਾਰਗ 'ਤੇ ਸਥਿਤ ਇਕ ਹੋਲ ਸੇਲ ਕਰਿਆਨਾ ਦੁਕਾਨ 'ਤੇ ਛਾਪਾਮਾਰੀ ਕਰ ਕੇ ਕਈ ਕੁਇੰਟਲ ਸ਼ੱਕੀ ਦੇਸੀ ਘਿਉ, ਸਰ੍ਹੋਂ ਦਾ ਤੇਲ ਅਤੇ ਕਈ ਕੁਇੰਟਲ ਵੇਸਨ ਬਰਾਮਦ ਕੀਤਾ ਹੈ। ਜਿਸ ਦੌਰਾਨ ਸਿਹਤ ਵਿਭਾਗ ਨੇ ਬਿਨਾਂ ਸਰਕਾਰੀ ਰਜਿਸਟਰੇਸ਼ਨ ਦੇ ਛਪਵਾਏ ਵੱਡੀ ਗਿਣਤੀ ਵਿਚ ਰੈਪਰਾਂ ਦੇ ਬੰਡਲ ਵੀ ਬਰਾਮਦ ਕੀਤੇ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ।
ਜਾਣਕਾਰੀ ਦੇ ਅਨੁਸਾਰ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੂੰ ਸੂਚਨਾ ਮਿਲੀ ਕਿ ਪੀਰ ਚੌਧਰੀ ਮਾਰਗ 'ਤੇ ਹੋਲ ਸੇਲ ਦੀ ਕਰਿਆਨਾ ਦੁਕਾਨ ਚਲਾਉਣ ਵਾਲੀ ਫਰਮ ਦਰਸ਼ਨ ਲਾਲ ਐਂਡ ਸਨਜ਼ ਜਿਸ ਦਾ ਮਾਲਕ ਰਾਘਵ ਗੁਪਤਾ ਪੁੱਤਰ ਅਨਿਲ ਕੁਮਾਰ ਗੁਪਤਾ ਵਾਸੀ ਪ੍ਰਕਾਸ਼ ਐਵੀਨਿਊ ਕਪੂਰਥਲਾ ਹੈ, ਦੇ ਵਿਹੜੇ ਵਿਚ ਕੁਇੰਟਲਾਂ ਦੇ ਹਿਸਾਬ ਨਾਲ ਸ਼ੱਕੀ ਦੇਸੀ ਘਿਉ ਪਿਆ ਹੈ। ਉਥੇ ਹੀ ਉਕਤ ਫਰਮ ਦੇ ਮਾਲਕ ਬਿਨਾਂ ਸਰਕਾਰੀ ਮਨਜ਼ੂਰੀ ਦੇ ਫਰਜ਼ੀ ਕੰੰਪਨੀਆਂ ਦੇ ਨਾਂ 'ਤੇ ਲੱਖਾਂ ਰੈਪਰ ਛਪਵਾ ਕੇ ਸਟਾਰ ਬਰਾਂਡ ਦੇ ਨਾਂ 'ਤੇ ਸਰ੍ਹੋਂ ਦਾ ਤੇਲ ਅਤੇ ਵੇਸਨ ਤਿਆਰ ਕਰ ਕੇ ਮਾਰਕੀਟ 'ਚ ਸਪਲਾਈ ਕਰ ਰਹੇ ਹਨ ਅਤੇ ਇਨ੍ਹਾਂ ਕੰੰਪਨੀਆਂ ਨੂੰ ਬਣਾਉਣ ਵਿਚ ਕਮਿਸ਼ਨਰ ਫੂਡ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਕਿਤੇ ਵੀ ਪਾਲਣਾ ਨਹੀਂ ਕੀਤੀ ਗਈ ਹੈ। ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੱਬਰ ਸਿੰਘ ਨੇ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟੀਮ ਜਿਸ ਵਿਚ ਫੂਡ ਸੇਫਟੀ ਅਧਿਕਾਰੀ ਸਤਨਾਮ ਸਿੰਘ ਵੀ ਮੌਜੂਦ ਸਨ, ਨੂੰ ਨਾਲ ਲੈ ਕੇ ਉਕਤ ਦੁਕਾਨ 'ਤੇ ਛਾਪੇਮਾਰੀ ਕੀਤੀ। 
 ਛਾਪੇਮਾਰੀ ਦੌਰਾਨ ਕਈ ਘੰਟਿਆਂ ਦੀ ਚੈਕਿੰਗ 'ਚ ਸਿਹਤ ਵਿਭਾਗ ਦੀ ਟੀਮ ਨੇ ਆਪਣਾ ਪੰਜਾਬ ਡੇਅਰੀ ਘਿਉ ਦਾ ਇਕ 1.2 ਟਨ ਸਟਾਕ, ਜਿਸ 'ਚ 32 ਡੱਬੇ ਇਕ ਲਿਟਰ, 26 ਡੱਬੇ ਅੱਧਾ ਲਿਟਰ ਅਤੇ 11 ਡੱਬੇ 200 ਮਿਲੀਲੀਟਰ ਦੇ ਬਰਾਮਦ ਹੋਏ । ਉਥੇ ਹੀ ਮੁਕਲ ਡੇਅਰੀ ਦੇਸੀ ਘਿਉ ਨਾਮਕ ਬਰਾਂਡ ਦਾ 1.05 ਟਨ ਸਟਾਕ ਬਰਾਮਦ ਹੋਇਆ । ਜਿਸ ਵਿਚ 4 ਡੱਬੇ 5 ਲਿਟਰ, 5 ਡੱਬੇ 2 ਲਿਟਰ, 9 ਡੱਬੇ 200 ਮਿਲੀਲੀਟਰ, 13 ਡੱਬੇ 500 ਮਿਲੀਲੀਟਰ, 21 ਡੱਬੇ 1 ਲਿਟਰ ਅਤੇ 15 ਕਿਲੋ ਦੇ 9 ਟੀਨ ਘਿਉ ਬਰਾਮਦ ਹੋਇਆ। 
ਇਸ ਦੌਰਾਨ 1.5 ਟਨ ਸਰੋਂ੍ਹ ਦਾ ਤੇਲ ਬਰਾਮਦ ਹੋਇਆ । ਜਿਸ ਵਿਚ 1 ਡੱਬਾ ਇਕ ਲਿਟਰ, 14 ਡੱਬੇ 2 ਲਿਟਰ ਅਤੇ 12 ਡੱਬੇ 5 ਲਿਟਰ ਦੇ ਬਰਾਮਦ ਹੋਏ। ਪੂਰੀ ਮੁਹਿੰਮ ਦੇ ਦੌਰਾਨ ਸ਼੍ਰੀ ਰਾਧੇ ਭੋਗ ਬਰਾਂਡ ਦੇ ਨਾਂ ਨਾਲ ਬਣਾਇਆ ਗਿਆ 5 ਕੁਇੰਟਲ ਵੇਸਨ ਬਰਾਮਦ ਹੋਇਆ। ਸਿਹਤ ਵਿਭਾਗ ਦੀ ਟੀਮ ਨੇ ਹਜ਼ਾਰਾਂ ਦੀ ਗਿਣਤੀ ਵਿਚ ਸਟਾਰ ਬਰਾਂਡ ਸਰੋਂ੍ਹ ਦਾ ਤੇਲ ਅਤੇ ਸ਼੍ਰੀ ਰਾਧੇ ਭੋਗ ਦੇ ਨਾਂ ਨਾਲ ਬਣਾਏ ਜਾਣ ਵਾਲੇ ਵੇਸਨ ਲਈ ਇਸਤੇਮਾਲ ਹੋਣ ਵਾਲੇ ਰੈਪਰ ਬਰਾਮਦ ਕੀਤੇ। ਪੁਲਸ ਨੇ ਇਕ ਸੀਲਿੰਗ ਮਸ਼ੀਨ ਵੀ ਬਰਾਮਦ ਕੀਤੀ ਹੈ । ਵਿਭਾਗ ਦੀ ਇਸ ਪੂਰੀ ਕਾਰਵਾਈ ਦੇ ਦੌਰਾਨ ਦੇਸੀ ਘਿਉ, ਸਰੋਂ੍ਹ ਦਾ ਤੇਲ ਅਤੇ ਵੇਸਨ ਦੇ 7 ਸੈਂਪਲ ਲਏ। ਇਸ ਸਾਰੇ ਸੈਂਪਲਾਂ ਨੂੰ ਸਟੈਟ ਫੂਡ ਲੈਬਾਰਟਰੀ ਖਰੜ ਵਿਚ ਭੇਜਿਆ ਜਾਵੇਗਾ । ਜਿਥੋਂ ਫਾਈਨਲ ਰਿਪੋਰਟ ਆਉਂਦੇ ਹੀ ਅਗਲੀ ਕਾਰਵਾਈ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ ।