ਸ਼ਰਾਬ ਫੈਕਟਰੀ ਸਾਹਮਣੇ ਧਰਨਾ ਜਿਉਂ ਦਾ ਤਿਉਂ ਜਾਰੀ, ਪੁਲਸ ਤੇ ਕਿਸਾਨ ਯੂਨੀਅਨ ਆਗੂ ਹੋਏ ਆਹਮਣੇ ਸਾਹਮਣੇ

12/19/2022 6:11:04 PM

ਜ਼ੀਰਾ (ਗੁਰਮੇਲ ਸੇਖਵਾਂ) : ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ ਮਾਮਲਾ ਠੰਡਾ ਹੋਣ ਦਾ ਨਾਂ ਨਹੀ ਲੈ ਰਿਹਾ ਅਤੇ ਪ੍ਰਦਰਸ਼ਨਕਾਰੀਆਂ ਦਾ ਧਰਨਾ ਸ਼ਰਾਬ ਫੈਕਟਰੀ ਅੱਗੇ ਲਗਾਤਾਰ ਜਾਰੀ ਹੈ। ਪੁਲਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਧਰਨਾ ਹਟਾਉਣ ਅਤੇ ਨਵੇਂ ਲੋਕਾਂ ਨੂੰ ਧਰਨੇ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਜਗ੍ਹਾ-ਜਗ੍ਹਾ ’ਤੇ ਬੈਰੀਕੇਟਿੰਗ ਕਰਕੇ ਰਸਤਿਆਂ ਨੂੰ ਸੀਲ ਕੀਤਾ ਗਿਆ ਹੈ ਪਰ ਕੁਝ ਕਿਸਾਨ ਆਗੂ ਅਤੇ ਹੋਰ ਲੋਕ ਧਰਨੇ ’ਚ ਲਗਾਤਾਰ ਸ਼ਾਮਲ ਹੋ ਰਹੇ ਹਨ।  ਅੱਜ ਸਵੇਰੇ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਤੇ ਪੰਜਾਬ ਜਨਰਲ ਸੈਕਟਰੀ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਕਿਸਾਨ ਸ਼ਰਾਬ ਫੈਕਟਰੀ ਦੇ ਸਾਹਮਣੇ ਲੱਗੇ ਧਰਨੇ ’ਚ ਸ਼ਾਮਲ ਹੋਣ ਲਈ ਪਹੁੰਚੇ ਤਾਂ ਪੁਲਸ ਅਤੇ ਕਿਸਾਨ ਯੂਨੀਅਨ ਆਗੂ ਆਹਮਣੇ ਸਾਹਮਣੇ ਹੋ ਗਏ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਵਿਰੋਧ ਕਰਨ ਵਾਲੇ ਲੋਕਾਂ 'ਤੇ ਕੀਤੇ ਲਾਠੀਚਾਰਜ ਦੀ ਕੀਤੀ ਨਿਖੇਧੀ

ਇਸ ਦੌਰਾਨ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸਿਸ਼ ਕੀਤੀ ਪਰ ਉਹ ਆਪਣੀ ਗੱਲ ’ਤੇ ਅੜੇ ਰਹੇ। ਇਸ ਉਪਰੰਤ ਪ੍ਰਦਰਸ਼ਨਕਾਰੀ ਪੁਲਸ ਦੇ ਬੈਰੀਕੇਟ ਧੱਕੇ ਨਾਲ ਹਟਾਉਂਦੇ ਧਰਨਾ ਸਥਾਨ ’ਤੇ ਪਹੁੰਚ ਗਏ। ਵਰਨਯੋਗ ਯੋਗ ਹੈ ਕਿ ਪੁਲਸ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਜ਼ਿਆਦਾ ਧੱਕਾ ਨਹੀ ਕੀਤਾ, ਕਿਉਂਕਿ ਇਸ ਮੌਕੇ ਸਥਿਤ ਖ਼ਰਾਬ ਹੋ ਸਕਦੀ ਸੀ। ਉਧਰ ਜਦ ਸ਼ਰਾਬ ਫੈਕਟਰੀ ਦੇ ਸਾਹਮਣੇ ਧਰਨਾ ਲਗਾ ਕੇ ਬੈਠੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ, ਉਹ ਆਪਣਾ ਪ੍ਰਦਰਸ਼ਨ ਉਦੋਂ ਤੱਕ ਬੰਦ ਨਹੀਂ ਕਰਨਗੇ, ਜਦ ਤੱਕ ਸ਼ਰਾਬ ਫੈਕਟਰੀ ਨੂੰ ਬੰਦ ਨਹੀ ਕੀਤਾ ਜਾਂਦਾ।

ਇਹ ਵੀ ਪੜ੍ਹੋ : ਦਸਤਾਰ ਸਿੱਖ ਦੇ ਸਿਰ ਦਾ ਤਾਜ ਅਤੇ ਬਾਦਸ਼ਾਹਤ ਦਾ ਪ੍ਰਤੀਕ : ਗਿਆਨੀ ਹਰਪ੍ਰੀਤ ਸਿੰਘ

ਕੀ ਕਹਿੰਦੇ ਹਨ ਐੱਸ.ਐੱਸ.ਪੀ. ਫਿਰੋਜਪੁਰ ਕੰਵਰਦੀਪ ਕੌਰ 
ਇਸ ਮਾਮਲੇ ’ਚ ਜਦੋਂ ਮੌਕੇ ’ਤੇ ਪਹੁੰਚੇ ਐੱਸ.ਐੱਸ.ਪੀ. ਫਿਰੋਜਪੁਰ ਕੰਵਰਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਧਰਨਾ ਹਟਾ ਕੇ ਸ਼ਰਾਬ ਫੈਕਟਰੀ ਤੋਂ 300 ਮੀਟਰ ਦੂਰ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਡੀ.ਸੀ. ਫਿਰੋਜਪੁਰ ਵੱਲੋਂ ਸ਼ਰਾਬ ਫੈਕਟਰੀ ਦੇ ਨੇੜੇ ਧਾਰਾ 144 ਲਾਗੂ ਕੀਤੀ ਗਈ ਹੈ ਪਰ ਪ੍ਰਦਰਸ਼ਨਕਾਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ ਅਤੇ ਉਹ ਨਿਯਮਾਂ ਦੀ ਉਲੰਘਣਾ ਕਰਕੇ ਆਪਣਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਵਿਵਾਦਿਤ ਹੋਣ ਤੋਂ ਬਚਾਉਣ ਲਈ ਪੁਲਸ ਬਹੁਤ ਸ਼ਾਂਤੀ ਨਾਲ ਕੰਮ ਕਰ ਰਹੀ ਹੈ ਅਤੇ ਘਟਨਾ ਸਥਾਨ ’ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਹਰ ਸੰਭਵ ਕੋਸਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਗਲਤ ਘਟਨਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਮਾਮਲੇ ਨੂੰ ਸਮਝਦੇ ਹੋਏ ਪੁਲਸ ਅਤੇ ਪ੍ਰਸ਼ਾਸ਼ਨ ਦਾ ਸਾਥ ਦੇਣ ਤਾਂ ਕਿ ਇਸ ਮਾਮਲੇ ਨੂੰ ਸ਼ਾਤੀ ਨਾਲ ਹੱਲ ਕੀਤਾ ਜਾ ਸਕੇ। 

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਅਫੀਮ ਦੀ ਬੰਪਰ ਫਸਲ ਨਾਲ ਭਾਰਤ ’ਚ ਹੈਰੋਇਨ ਸਮੱਗਲਿੰਗ ’ਚ ਆਇਆ ਜ਼ਬਰਦਸਤ ਉਛਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha