ਕਾਜ਼ੀ ਮੰਡੀ, ਸੰਤੋਸ਼ੀ ਨਗਰ ਤੇ ਮਦਰਾਸੀ ਮੁਹੱਲਾ ''ਚ ਕਮਿਸ਼ਨਰੇਟ ਪੁਲਸ ਨੇ ਚਲਾਈ ਸਰਚ ਮੁਹਿੰਮ

09/24/2017 6:18:39 AM

ਜਲੰਧਰ(ਮਹੇਸ਼)-ਅੱਜ ਤੜਕੇ 4 ਵਜੇ ਦੇ ਕਰੀਬ ਕਮਿਸ਼ਨਰੇਟ ਪੁਲਸ ਨੇ ਕਾਜ਼ੀ ਮੰਡੀ, ਸੰਤੋਸ਼ੀ ਨਗਰ, ਮਦਰਾਸੀ ਮੁਹੱਲਾ, ਅਜੀਤ ਨਗਰ, ਅਮਰੀਕ ਨਗਰ ਤੇ ਨਾਲ ਲੱਗਦੇ ਹੋਰ ਇਲਾਕਿਆਂ 'ਚ ਸਰਚ ਮੁਹਿੰਮ ਚਲਾਈ। ਇਸ ਮੁਹਿੰਮ ਦੀ ਅਗਵਾਈ ਏ. ਡੀ. ਸੀ. ਪੀ. ਸਿਟੀ-1 ਕੁਲਵੰਤ ਸਿੰਘ ਹੀਰ ਨੇ ਕੀਤੀ, ਉਨ੍ਹਾਂ ਨਾਲ ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ, ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਅਤੇ ਏ. ਸੀ. ਪੀ. ਕ੍ਰਾਈਮ ਤੋਂ ਇਲਾਵਾ ਕਈ ਥਾਣਿਆਂ ਦੇ ਐੱਸ. ਐੱਚ. ਓਜ਼ ਵੀ ਮੌਜੂਦ ਸਨ। ਸਵੇਰੇ-ਸਵੇਰੇ ਇਲਾਕੇ ਵਿਚ ਵੱਡੀ ਗਿਣਤੀ 'ਚ ਦਾਖਲ ਹੋਈ ਪੁਲਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋਏ। 
ਇਲਾਕੇ ਦੇ ਕੌਂਸਲਰ ਪਲਨੀ ਸਵਾਮੀ ਵੀ ਇਸ ਦੌਰਾਨ ਮੌਜੂਦ ਸਨ। ਉਨ੍ਹਾਂ ਪੁਲਸ ਦੀ ਇਸ ਸਰਚ ਮੁਹਿੰਮ 'ਚ ਪੂਰਾ ਸਹਿਯੋਗ ਦਿੱਤਾ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਪੂਰੇ ਇਲਾਕੇ ਦਾ ਪੈਦਲ ਦੌਰਾ ਕੀਤਾ ਅਤੇ ਕਈ ਘਰਾਂ, ਦੁਕਾਨਾਂ ਦੀ ਤਲਾਸ਼ੀ ਵੀ ਆਪਣੀ ਮੌਜੂਦਗੀ 'ਚ ਕਰਵਾਈ। ਸ਼ੱਕੀ ਲੋਕਾਂ ਤੋਂ ਪੁਲਸ ਅਧਿਕਾਰੀਆਂ ਨੇ ਖੁਦ ਪੁੱਛਗਿੱਛ ਕੀਤੀ।  ਏ. ਡੀ. ਸੀ. ਪੀ. ਸਿਟੀ-1 ਨੇ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕੋਈ ਗੈਰ-ਕਾਨੂੰਨੀ ਕੰਮ ਨਾ ਕਰਨ ਨਹੀਂ ਤਾਂ ਉਨ੍ਹਾਂ 'ਤੇ ਸਖਤ ਕਾਰਵਾਈ ਜਾ ਸਕਦੀ ਹੈ। 3 ਘੰਟਿਆਂ ਵਿਚ ਇਸ ਸਰਚ ਦੌਰਾਨ ਉਕਤ ਖੇਤਰ ਵਿਚ ਪੁਲਸ ਨੂੰ ਕੁਝ ਨਹੀਂ ਮਿਲਿਆ। ਅਚਾਨਕ ਕੀਤੀ ਗਈ ਇਸ ਸਰਚ ਦਾ ਕਾਰਨ ਪਤਾ ਨਹੀਂ ਚੱਲ ਸਕਿਆ ਪਰ ਕਿਹਾ ਜਾਂਦਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਇਹ ਮੁਹਿੰਮ ਚਲਾਈ ਗਈ ਤਾਂ ਜੋ ਨਸ਼ਾ ਸਮੱਗਲਰਾਂ ਅਤੇ ਸੱਟੇਬਾਜ਼ਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇ।