ਮਾਹੌਲ ਖਰਾਬ ਕਰਨ ਦੀ ਫਿਰਾਕ ''ਚ ਬੈਠੇ ਤਿੰਨ ਗਰਮ ਖਿਆਲੀ ਹਥਿਆਰਾਂ ਸਮੇਤ ਕਾਬੂ

06/03/2018 6:55:57 AM

ਬਟਾਲਾ (ਬੇਰੀ) : ਅੱਜ ਬਟਾਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਗਾਉਣ ਵਾਲੇ ਸਿੱਖਸ ਫਾਰ ਜਸਟਿਸ ਦੀ ਹਿਮਾਇਤ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਐੱਸ.ਐੱਸ.ਪੀ ਦਫਤਰ ਬਟਾਲਾ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈ.ਜੀ. ਬਾਰਡਰ ਰੇਂਜ ਐੱਸ.ਪੀ.ਐੱਸ. ਪਰਮਾਰ ਅਤੇ ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਠੇਕਿਆਂ 'ਚ ਅੱਗ ਲਗਾਉਣ ਅਤੇ ਲੁੱਟਣ ਅਤੇ ਥਾਂ-ਥਾਂ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਅਤੇ ਰਿਫਰੈਂਡਮ 2020 ਦੇ ਪੋਸਟਰ ਲਗਾਉਣ ਵਾਲੇ ਸਿੱਖ ਫਾਰ ਜਸਟਿਸ ਦੀ ਹਿਮਾਇਤ ਕਰਨ ਵਾਲੇ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘੱਲੂਘਾਰਾ ਹਫਤੇ ਦੇ ਚਲਦਿਆਂ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਗੁਰਪਤਵੰਤ ਸਿੰਘ ਪੰਨੂੰ ਜੋ ਕਿ ਸਿੱਖ ਫਾਰ ਜਸਟਿਸ ਦਾ ਲੀਗਲ ਐਡਵਾਈਜ਼ਰ ਹੈ, ਪਰਮਜੀਤ ਸਿੰਘ ਪਨੂੰ ਯੂ.ਕੇ, ਮਾਨ ਸਿੰਘ ਯੂ.ਕੇ ਅਤੇ ਦੀਪ ਕੌਰ ਮਲੇਸ਼ੀਆ ਤੋਂ ਇਨ੍ਹਾਂ ਵਿਅਕਤੀਆਂ ਧਰਮਿੰਦਰ ਸਿੰਘ ਉਰਫ ਕਮਾਂਡੋ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਹਰਪੁਰਾ, ਕ੍ਰਿਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਫਤਿਹਪੁਰ ਥਾਣਾ ਵਲਟੋਹਾ ਨੂੰ ਵਿਦੇਸ਼ਾਂ ਤੋਂ ਫੰਡਿੰਗ ਕਰਦੇ ਸਨ। ਆਈ.ਜੀ ਪਰਮਾਰ ਅਤੇ ਐੱਸ.ਐੱਸ.ਪੀ ਘੁੰਮਣ ਨੇ ਦੱਸਿਆ ਕਿ ਤੀਸਰਾ ਵਿਅਕਤੀ ਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਦੌਲਤਪੁਰ ਥਾਣਾ ਕਾਦੀਆਂ ਉਕਤ ਦੋਵਾਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ ਅਤੇ ਇਹ ਹਥਿਆਰ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਇਸਤੇਮਾਲ 'ਚ ਲਿਆਉਂਦੇ ਸਨ।  

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਇਕ ਰਿਵਾਲਵਰ 32 ਬੋਰ, ਇਕ ਰਿਵਾਲਵਰ ਪੁਆਇੰਟ 30 ਬੋਰ ਅਤੇ 8 ਜਿੰਦਾ ਕਾਰਤੂਸ, ਖਾਲਿਸਤਾਨ ਦੇ ਪੋਸਟਰ, ਸਪ੍ਰੇਅ ਪੇਂਟ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਫਾਰ ਜਸਟਿਸ ਸੰਸਥਾ ਸਾਲ 2020 ਤੱਕ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੇ ਮਕਸਦ ਨਾਲ ਗੈਂਗਸਟਰਾਂ, ਨੌਜਵਾਨਾਂ ਅਤੇ ਕੱਟੜਪੰਥੀਆਂ ਦਾ ਇਸਤੇਮਾਲ ਕਰਕੇ ਇਸਨੂੰ ਪੂਰਾ ਕਰਨਾ ਚਾਹੁੰਦੀ ਹੈ, ਜਿਸਨੂੰ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ। ਆਈ.ਜੀ. ਪਰਮਾਰ ਨੇ ਦੱਸਿਆ ਕਿ ਸਿੱਖਸ ਫਾਰ ਜਸਟਿਸ ਦੀ ਹਿਮਾਇਤ ਕਰਨ ਵਾਲੇ ਆਗੂਆਂ ਨੇ ਹਮੇਸ਼ਾ ਕਿਹਾ ਹੈ ਕਿ ਇਸ ਸੰਸਥਾ 'ਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਨਾ ਉਨ੍ਹਾਂ ਦੀ ਸੰਸਥਾ ਕਿਸੇ ਤਰ੍ਹਾਂ ਦੀ ਵੀ ਅੱਤਵਾਦੀ ਗਤੀਵਿਧੀਆਂ 'ਚ ਕੋਈ ਫੰਡਿੰਗ ਕਰਦੀ ਹੈ ਪਰ ਉਕਤ ਵਿਅਕਤੀਆਂ ਦੇ ਹਥਿਆਰਾਂ ਨਾਲ ਫੜੇ ਜਾਣ ਨਾਲ ਅਤੇ ਇਨ੍ਹਾਂ ਦੇ ਖੁਲਾਸੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਸਿੱਖਸ ਫਾਰ ਜਸਟਿਸ ਸੰਸਥਾ ਨੌਜਵਾਨ ਵਰਗ ਨੂੰ ਵਰਗਲਾ ਕੇ ਪੰਜਾਬ 'ਚ ਦਹਿਸ਼ਤ ਪੈਦਾ ਕਰਕੇ ਅੱਤਵਾਦ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ। 

ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੰਸਥਾਵਾਂ ਦੇ ਬਹਿਕਾਵੇ 'ਚ ਨਾ ਆਉਣ ਅਤੇ ਇਕ ਚੰਗੇ ਨਾਗਰਿਕ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨ। ਆਈ.ਜੀ ਪਰਮਾਰ ਅਤੇ ਐੱਸ.ਐੱਸ.ਪੀ ਘੁੰਮਣ ਨੇ ਅੱਗੇ ਦੱਸਿਆ ਕਿ ਅਪ੍ਰੈਲ 2018 'ਚ ਵੀ ਚਾਰ ਨੌਜਵਾਨਾਂ ਨੂੰ ਠੇਕਿਆਂ ਨੂੰ ਅੱਗ ਲਗਾਉਣ ਦੀ ਯੋਜਨਾ ਬਣਾਉਣ ਲਈ ਪਿੰਡ ਗੁਣਾਚੌੜ ਥਾਣਾ ਸਦਰ ਬੰਗਾਂ ਨੂੰ ਸਪ੍ਰੇਅ ਪੇਂਟ, ਰਿਫਰੈਂਡਮ 2020 ਦੇ ਪੋਸਟਰਾਂ ਨਾਲ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਵਿਰੁੱਧ ਵੀ ਕੇਸ ਦਰਜ ਕੀਤਾ ਸੀ ਅਤੇ ਉਨ੍ਹਾਂ ਨੇ ਵੀ ਜਾਂਚ ਦੌਰਾਨ ਇਹ ਮੰਨਿਆ ਸੀ ਕਿ ਉਹ ਮਲੇਸ਼ੀਆ 'ਚ ਰਹਿਣ ਵਾਲੀ ਔਰਤ ਦੀਪ ਕੌਰ ਅਤੇ ਪਾਕਿਸਤਾਨ 'ਚ ਰਹਿਣ ਵਾਲੇ ਫਤਿਹ ਸਿੰਘ ਨਾਲ ਸੰਪਰਕ ਵਿਚ ਹਨ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਆਈ.ਜੀ ਅਤੇ ਐੱਸ.ਐੱਸ.ਪੀ ਬਟਾਲਾ ਨੇ ਅੰਤ 'ਚ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਥਾਣਾ ਰੰਗੜ ਨੰਗਲ ਵਿਖੇ ਤਿੰਨਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ ਅਤੇ ਉਕਤ ਕਾਰਕੁੰਨਾਂ ਦਾ ਪੁਲਸ ਰਿਮਾਂਡ ਮਾਨਯੋਗ ਅਦਾਲਤ ਤੋਂ ਲਿਆ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।