ਮਾਮਲਾ ਘਰ ਜਾ ਰਹੇ ਨੌਜਵਾਨ ਨੂੰ ਰਸਤੇ ''ਚ ਘੇਰ ਕੇ ਸੱਟਾਂ ਮਾਰਨ ਦਾ, ਪੁਲਸ ਚੌਂਕੀ ਅੱਗੇ ਧਰਨਾ ਲਗਾਉਣ ਦੀ ਦਿੱਤੀ ਚਿਤਾਵਨੀ

09/23/2017 11:47:50 AM

ਚੀਚਾ (ਬਖਤਾਵਰ, ਲਾਲੂਘੁੰਮਣ) - ਪੁਲਸ ਚੌਂਕੀ ਰਾਮ ਤੀਰਥ ਨਜ਼ਦੀਕ ਪੈਂਦੇ ਪਿੰਡ ਕਲੇਰ ਦੇ ਵਾਸੀ ਨੌਜਵਾਨ ਅਵਤਾਰ ਸਿੰਘ ਉਰਫ ਗੋਲਡੀ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਪਰਤਦੇ ਸਮੇਂ ਬੀਤੇ ਦਿਨੀਂ ਦੇਰ ਸ਼ਾਮ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਲੋਕਾਂ ਵੱਲੋਂ ਰਸਤੇ 'ਚ ਰੋਕ ਕੇ ਉਸਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਦੋ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਵੱਲੋਂ ਪੀੜਤ ਦੀ ਫਰਿਆਦ ਨਹੀਂ ਸੁਣੀ ਗਈ। 
ਜਾਣਕਾਰੀ ਦਿੰਦਿਆਂ ਸੁਖਵਿੰਦਰ ਕੌਰ ਪਤਨੀ ਸਲਵਿੰਦਰ ਸਿੰਘ ਵਾਸੀ ਪਿੰਡ ਕਲੇਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਪਿੰਡ ਦੇ ਜਿੰਨਾਂ ਲੋਕਾਂ ਵੱਲੋਂ ਉਸਦੇ ਲੜਕੇ ਅਵਤਾਰ ਸਿੰਘ ਉਰਫ ਗੋਲਡੀ ਨੂੰ ਰਸਤੇ 'ਚ ਰੋਕ ਕੇ ਗੰਭੀਰ ਸੱਟਾਂ ਲਗਾਉਣ, ਮੁਬਾਈਲ ਅਤੇ ਨਕਦੀ ਖੋਹ ਕੇ ਗੰਭੀਰ ਹਾਲਤ 'ਚ ਮਰਿਆ ਸਮਝ ਕੇ ਸੁੱਟ ਦਿੱਤਾ ਗਿਆ ਸੀ। ਉਨ੍ਹਾਂ ਵਿਰੁੱਧ ਉਸੇ ਰਾਤ ਹੀ ਪੁਲਸ ਚੌਂਕੀ ਰਾਮ ਤੀਰਥ ਵਿਖੇ ਭਾਵੇ ਦੋਸ਼ੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ ਪਰ 2 ਦਿਨ ਬੀਤ ਜਾਣ ਦੇ ਬਾਅਦ ਵੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਗੰਭੀਰ ਹਾਲਤ 'ਚ ਜ਼ਖ਼ਮੀ ਜ਼ੇਰੇ ਇਲਾਜ਼ ਉਸਦੇ ਪੁੱਤਰ ਅਵਤਾਰ ਸਿੰਘ ਉਰਫ ਗੋਲਡੀ ਦੇ ਨਾ ਤਾਂ ਕੋਈ ਅਧਿਕਾਰੀ ਬਿਆਨ ਦਰਜ ਕਰਨ ਲਈ ਆਇਆ ਹੈ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਕਰਕੇ ਦੋਸ਼ੀ ਸ਼ਰੇਆਮ ਪਿੰਡ 'ਚ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਅਜੇ ਵੀ ਧਮਕੀਆਂ ਦੇ ਰਹੇ ਹਨ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਲੜਕੇ ਦੇ ਸਿਰ 'ਚ ਗਹਿਰੀ ਸੱਟ ਲੱਗ ਜਾਣ ਕਰਕੇ ਹਾਲਤ ਗੰਭੀਰ ਬਣੀ ਹੋਈ ਹੈ। ਚੌਂਕੀ ਇੰਚਾਰਜ ਵੱਲੋਂ ਉਨ੍ਹਾਂ ਨੂੰ ਇਨਸਾਫ ਦੇਣ ਦੀ ਜਗਾਂ, ਉਸ ਉਪਰ ਵਿਧਾਇਕ ਦਾ ਦਬਾਅ ਹੋਣ ਦੀ ਗੱਲ ਕਰਦਿਆਂ ਦੋਸ਼ੀਆਂ ਨਾਲ ਰਾਜੀਨਾਮਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਜੇਕਰ ਸ਼ਨੀਵਾਰ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਪੁਲਸ ਚੌਂਕੀ ਰਾਮ ਤੀਰਥ ਅੱਗੇ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ। ਚੌਂਕੀ ਇੰਚਾਰਜ ਏ. ਐੱਸ. ਆਈ. ਸਤਿੰਦਰਪਾਲ ਸਿੰਘ ਦਾ ਕਹਿਣਾ ਹੈ ਵੀ. ਆਈ. ਪੀ. ਡਿਊਟੀਆਂ ਲੱਗਣ ਕਰਕੇ ਉਹ ਚੌਂਕੀ 'ਚ ਹਾਜ਼ਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਪੀੜਤ ਦੇ ਬਿਆਨ ਕਲਮਬੰਦ ਕਰਕੇ ਸਬੰਧਤ ਲੋਕਾਂ ਵਿਰੁੱਧ ਲੋੜੀਦੀਂ ਕਾਰਵਾਈ ਕੀਤੀ ਜਾਵੇਗੀ।  
ਦੋਸ਼ੀਆਂ ਵਿਰੋਧ ਹੋਵੇਗੀ ਤਰੁੰਤ ਕਾਰਵਾਈ, ਜਿੰਮੇਵਾਰ ਅਫਸਰ ਤੋਂ ਵੀ ਹੋਵੇਗੀ ਪੁੱਛਗਿੱਛ - ਡੀ. ਐੱਸ. ਪੀ 
ਡੀ. ਐੱਸ. ਪੀ. ਰਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਉਨ੍ਹਾਂ ਨੂੰ ਪੀੜਤ ਪਰਿਵਾਰ ਵੱਲੋਂ ਜਾਣਕਾਰੀ ਮਿਲੀ ਹੈ ਜਿਸ ਸਬੰਧੀ ਉਨ੍ਹਾਂ ਵੱਲੋਂ ਐੱਸ. ਐੱਚ. ਓ. ਥਾਣਾ ਲੋਪੋਕੇ ਕਪਲ ਕੌਸਲ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਤਫਤੀਸ਼ ਕਰਕੇ ਸਬੰਧਤ ਦੋਸ਼ੀਆਂ ਵਿਰੋਧ ਬਣਦੀ ਕਾਰਵਾਈ ਤਰੁੰਤ ਅਮਲ 'ਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੋਧ ਤਰੁੰਤ ਕਾਰਵਾਈ ਹੋਵੇਗੀ ਅਤੇ ਮਾਮਲੇ 'ਚ ਢਿੱਲ ਮੱਠ ਵਰਤ ਵਾਲੇ ਚੌਂਕੀ ਇੰਚਾਰਜ ਤੋਂ ਵੀ ਪੁੱਛਗਿੱਛ ਹੋਵੇਗੀ।