ਪਟਾਕੇ ਚਲਾਉਣ ਨੂੰ ਲੈ ਕੇ ਪੰਜਾਬ ਵਿਚ ਪੁਲਸ ਵਲੋਂ ਪਹਿਲਾ ਮਾਮਲਾ ਦਰਜ

10/16/2017 9:10:52 PM

ਅੰਮ੍ਰਿਤਸਰ (ਸੁਮਿਤ ਖੰਨਾ) : ਪਟਾਕੇ ਨਾ ਚਲਾਉਣ ਦੇ ਹੁਕਮਾਂ 'ਤੇ ਪੁਲਸ ਵਲੋਂ ਪਟਾਕੇ ਚਲਾਉਣ 'ਤੇ ਪੰਜਾਬ ਵਿਚ ਪਹਿਲਾ ਅਪਰਾਧਿਕ ਮਾਮਲਾ ਦਰਜ ਕਰਨ ਦੀ ਖਬਰ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਇਕ ਵੱਡੇ ਕਲੱਬ 'ਤੇ ਧਾਰਾ 188 ਦੇ ਤਹਿਤ ਦਰਜ ਕੀਤਾ ਗਿਆ ਹੈ। ਦਰਅਸਲ ਬੀਤੀ ਰਾਤ ਇਸ ਕਲੱਬ ਵਿਚ ਦੀਵਾਲੀ ਦਾ ਇਕ ਵੱਡਾ ਸਮਾਗਮ ਰੱਖਿਆ ਗਿਆ ਸੀ ਅਤੇ ਉਸ ਵਿਚ ਪਟਾਕਿਆਂ ਦੇ ਨਾਲ-ਨਾਲ ਆਤਿਸ਼ਬਾਜ਼ੀ ਵੀ ਚਲਾਈ ਗਈ ਜਿਸ ਤੋਂ ਬਾਅਦ ਪੁਲਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਅਤੇ ਪੁਲਸ ਨੇ ਉਕਤ ਕਾਰਵਾਈ ਅਮਲ ਵਿਚ ਲਿਆਂਦੀ।
ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਸ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮ ਹਨ ਕਿ ਦੀਵਾਲੀ ਮੌਕੇ ਹੀ ਉਹ ਵੀ ਕੁਝ ਦੇਰ ਲਈ ਹੀ ਪਟਾਕੇ ਚਲਾਏ ਜਾਣ ਪਰ ਬਾਵਜੂਦ ਇਸ ਦੇ ਇਕ ਨਾਮੀ ਕਲੱਬ ਵਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਗਈ। ਪੁਲਸ ਮੁਤਾਬਕ ਕਲੱਬ ਵਲੋਂ ਬਕਾਇਦਾ ਕਾਰਡ ਛਪਵਾ ਕੇ ਵੀ ਆਤਿਸ਼ਬਾਜ਼ੀ ਕਰਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਸ ਪ੍ਰੋਗਰਾਮ ਦੌਰਾਨ ਕਿਹੜੇ ਲੋਕਾਂ ਨੇ ਪਟਾਕੇ ਚਲਾਏ ਸਨ।