ਡਾਕਟਰ ਦੀ ਦੋ ਸਾਲਾ ਦੋਹਤੀ ਨੂੰ ਅਗਵਾ ਕਰਕੇ ਮੰਗੀ ਫਿਰੌਤੀ, ਕੁਝ ਘੰਟਿਆਂ ''ਚ ਪੁਲਸ ਨੇ ਕੀਤਾ ਪਰਦਾਫਾਸ਼

07/15/2017 7:20:47 PM

ਫਿਲੌਰ (ਭਾਖੜੀ) : ਲੁਧਿਆਣਾ ਤੋਂ ਅਗਵਾ ਹੋਈ ਡਾਕਟਰ ਦੀ ਦੋ ਸਾਲਾਂ ਦੋਹਤੀ ਨੂੰ ਫਿਲੌਰ ਪੁਲਸ ਨੇ ਤਿੰਨ ਘੰਟੇ ਬਾਅਦ ਸਥਾਨਕ ਸ਼ਹਿਰ ਦੇ ਹੋਟਲ ਤੋਂ ਦੋ ਅਗਵਾਕਾਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਚੁੰਗਲ 'ਚੋਂ ਸੁਰੱਖਿਅਤ ਛੁਡਵਾ ਲਿਆ। ਇਕ ਅਗਵਾਕਾਰ ਡਾਕਟਰ ਦਾ ਕੰਪਾਊਂਡਰ ਨਿਕਲਿਆ ਜੋ ਡਾਕਟਰ ਤੋਂ ਬੱਚੇ ਨੂੰ ਛੱਡਣ ਬਦਲੇ ਮੋਟੀ ਫਿਰੌਤੀ ਮੰਗਣ ਵਾਲਾ ਸੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਜਲੰਧਰ ਗੁਰਪ੍ਰੀਤ ਭੁੱਲਰ, ਐਸ.ਪੀ.ਡੀ. ਬਲਕਾਰ ਸਿੰਘ ਨੇ ਦੱਸਿਆ ਕਿ ਅਗਵਾਕਾਰ ਮੁੰਨਾ 25 ਸਾਲ ਪੁੱਤਰ ਵਰਸ਼ਾ ਵਾਸੀ ਗਿਆਸਪੁਰਾ ਲੁਧਿਆਣਾ ਡਾਕਟਰ ਹੀਰਾ ਲਾਲ ਦੇ ਕਲੀਨਿਕ ਅਤੇ ਘਰ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਡਾਕਟਰ ਹੀਰਾ ਲਾਲ ਨੂੰ ਸਬਕ ਸਿਖਾਉਣ ਅਤੇ ਉਸ ਤੋਂ ਮੋਟੇ ਰੁਪਏ ਠੱਗਣ ਦੀ ਯੋਜਨਾ ਬਣਾ ਲਈ। ਯੋਜਨਾ ਦੇ ਮੁਤਾਬਕ ਮੁੰਨਾ ਹਰ ਰੋਜ਼ ਬਿਨਾ ਕਿਸੇ ਕੰਮ ਦੇ ਡਾਕਟਰ ਦੇ ਕਲੀਨਿਕ ਵਿਚ ਜਾ ਕੇ ਬੈਠ ਜਾਂਦਾ ਅਤੇ ਡਾਕਟਰ ਦਾ ਮੁਫਤ ਵਿਚ ਕੰਮ ਨਿਪਟਾ ਕੇ ਘਰ ਆ ਜਾਂਦਾ। ਮੁੰਨਾ ਦੇ ਇਸ ਸੇਵਾ ਭਾਵ ਨੂੰ ਦੇਖ ਕੇ ਡਾਕਟਰ ਹੀਰਾ ਲਾਲ ਨੇ ਕੁਝ ਦਿਨ ਪਹਿਲਾਂ ਉਸ ਨੂੰ ਦੋਬਾਰਾ 7 ਹਜ਼ਾਰ ਰੁਪਏ ਤਨਖਾਹ 'ਤੇ ਆਪਣੇ ਕੋਲ ਰੱਖ ਲਿਆ।
ਸ਼ਨੀਵਾਰ ਸਵੇਰ ਮੁੰਨਾ ਨੇ ਆਪਣੇ ਸਾਥੀ ਅਮਨ ਕੁਮਾਰ ਪੁੱਤਰ ਰਮੇਸ਼ ਯਾਦਵ ਵਾਸੀ ਗਿਆਸਪੁਰਾ ਦੇ ਨਾਲ ਮਿਲ ਕੇ ਡਾਕਟਰ ਹੀਰਾ ਲਾਲ ਦੀ ਦੋਹਤੀ ਦੇ ਅਗਵਾ ਦੀ ਯੋਜਨਾ ਬਣਾਈ ਜਿਸ 'ਤੇ ਉਹ ਡਾਕਟਰ ਤੋਂ ਮੋਟੀ ਫਿਰੌਤੀ ਵਸੂਲ ਕੇ ਸਬਕ ਸਿਖਾ ਸਕੇ। ਯੋਜਨਾ ਮੁਤਾਬਕ ਦੁਪਹਿਰ 12 ਵਜੇ ਮੁੰਨਾ ਡਾਕਟਰ ਦੀ ਦੋ ਸਾਲਾਂ ਦੋਹਤੀ ਬਚਿੱਤਰਾ ਨੂੰ ਘਰੋਂ ਘੁਮਾਉਣ ਬਹਾਨੇ ਲੈ ਆਇਆ। 20 ਮਿੰਟ ਬਾਅਦ ਹੀ ਅਮਨ ਨੇ ਡਾਕਟਰ ਹੀਰਾ ਲਾਲ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਬੱਚੀ ਅਤੇ ਕੰਪਾਊਂਡਰ ਮੁੰਨਾ ਨੂੰ ਉਨ੍ਹਾਂ ਨੇ ਕਿਡਨੈਪ ਕਰ ਲਿਆ ਹੈ। ਜੇਕਰ ਦੋਵਾਂ ਨੂੰ ਜਿਊਂਦਾ ਦੇਖਣਾ ਚਾਹੁੰਦੇ ਹੋ ਤਾਂ ਉਹ ਰੁਪਇਆਂ ਦਾ ਇੰਤਜ਼ਾਮ ਕਰਕੇ ਆਪਣੇ ਕੋਲ ਰੱਖਣ। ਉਹ ਫਿਰੌਤੀ ਦੀ ਕਿੰਨੀ ਰਕਮ ਕਿੱਥੇ ਲੈਣਗੇ, ਇਸ ਦੀ ਸੂਚਨਾ ਦੁਬਾਰਾ ਫੋਨ 'ਤੇ ਦੇਣਗੇ। ਜੇਕਰ ਉਸ ਨੇ ਪੁਲਸ ਨੂੰ ਫੋਨ 'ਤੇ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅੰਜਾਮ ਗਲਤ ਹੋਵੇਗਾ। ਡਾਕਟਰ ਨੇ ਸੂਝਬੂਝ ਤੋਂ ਕੰਮ ਲੈਂਦੇ ਹੋਏ ਘਟਨਾ ਦੀ ਸੂਚਨਾ ਤੁਰੰਤ ਲੁਧਿਆਣਾ ਪੁਲਸ ਨੂੰ ਦਿੱਤੀ ਜਿਸ 'ਤੇ ਕਮਿਸ਼ਨਰ ਲੁਧਿਆਣਾ ਆਰ.ਐਨ.ਢੋਕੇ ਨੇ ਪੂਰੇ ਪ੍ਰਦੇਸ਼ ਦੀ ਪੁਲਸ ਨੂੰ ਹਾਈ ਅਲਰਟ ਕਰਦੇ ਹੋਏ ਬੱਚੀ ਦੀ ਫੋਟੋ ਅਗਵਾਕਾਰਾਂ ਦੇ ਨੰਬਰ ਸਮੇਤ ਦੇ ਦਿੱਤੀ।
ਸੂਚਨਾ ਮਿਲਦੇ ਹੀ ਜਲੰਧਰ ਪੁਲਸ ਨੇ ਜਿਵੇਂ ਹੀ ਅਗਵਾਕਾਰਾਂ ਦੇ ਫੋਨ ਨੰਬਰ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਉਹ ਸਤਲੁਜ ਦਰਿਆ ਫਿਲੌਰ ਦੇ ਨੇੜੇ ਦੀ ਆ ਰਹੀ ਸੀ, ਜਿਸ 'ਤੇ ਤੁਰੰਤ ਐਸ.ਪੀ.ਡੀ. ਬਲਕਾਰ ਸਿੰਘ ਸੀ.ਆਈ. ਜਲੰਧਰ ਦੇ ਮੁਖੀ ਹਰਿੰਦਰ ਗਿੱਲ, ਡੀ.ਐਸ.ਪੀ. ਫਿਲੌਰ, ਐਸ.ਐਚ.ਓ. ਗੋਰਾਇਆ ਅਤੇ ਫਿਲੌਰ ਨੂੰ ਨਾਲ ਲੈ ਕੇ ਸਤਲੁਜ ਦਰਿਆ ਦੇ ਕਰੀਬ ਪਿੰਡ ਪੰਜ ਡੇਰਾ ਵਿਚ ਸਰਚ ਕਰਨ ਲਗ ਪਏ। ਕੁਝ ਹੀ ਸਮੇਂ ਬਾਅਦ ਪੁਲਸ ਦਰਿਆ ਦੇ ਕੋਲ ਨੈਸ਼ਨਲ ਹਾਈਵੇ 'ਤੇ ਬਣੇ ਹੋਟਲ ਤ੍ਰੀ ਮੋਹਨ ਵਿਚ ਪੁੱਜੇ। ਜਿਵੇਂ ਹੀ ਪੁਲਸ ਨੇ ਕਰਮਚਾਰੀ ਨੂੰ ਬੱਚੇ ਦੀ ਫੋਟੋ ਦਿਖਾ ਕੇ ਇਸ ਬਾਰੇ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਕਤ ਬੱਚਾ ਪਿਛਲੇ ਤਿੰਨ ਘੰਟੇ ਤੋਂ ਦੋ ਵਿਅਕਤੀਆਂ ਦੇ ਨਾਲ ਹੋਟਲ ਦੇ ਕਮਰੇ ਵਿਚ ਰੁਕਿਆ ਹੋਇਆ ਹੈ। ਪੁਲਸ ਨੇ ਵੇਟਰ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਖੁੱਲਵਾ ਕੇ ਦੋਵਾਂ ਅਗਵਾਕਾਰਾਂ ਨੂੰ ਕਾਬੂ ਕਰਕੇ ਬੱਚੇ ਨੂੰ ਸੁਰੱਖਿਅਤ ਛੁਡਵਾਉਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਐਸ.ਐਸ.ਪੀ. ਭੁੱਲਰ ਨੇ ਦੱਸਿਆ ਕਿ ਲੁਧਿਆਣਾ ਪੁਲਸ ਕਮਿਸ਼ਨਰ ਅਤੇ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਉਸ ਦੇ ਸੁਰੱਖਿਅਤ ਹੋਣ ਦੀ ਸੂਚਨਾ ਦੇ ਦਿੱਤੀ ਹੈ।