ਹੈਰੋਇਨ ਦਾ ਕੇਸ ਪਾਉਣ ਦੀ ਧਮਕੀ ਦੇ ਕੇ ਪੁਲਸ ਨੇ ਮੰਗੀ 2 ਲੱਖ ਦੀ ਫਿਰੌਤੀ

06/08/2019 1:20:34 AM

ਅੰਮ੍ਰਿਤਸਰ,(ਅਰੁਣ) : ਪੁਲਸ ਦੀ ਖਾਕੀ ਵਰਦੀ 'ਚ ਗੈਰ-ਕਾਨੂੰਨੀ ਧੰਦੇ ਕਰਨ ਦੀਆਂ ਖਬਰਾਂ ਆਏ ਦਿਨ ਅਖਬਾਰਾਂ/ਚੈਨਲਾਂ ਦੀਆਂ ਸੁਰਖੀਆਂ ਬਣ ਕੇ ਉਭਰਦੀਆਂ ਰਹਿੰਦੀਆਂ ਹਨ ਪਰ ਸਮਾਜ ਦੀ ਪ੍ਰਵਾਹ ਕੀਤੇ ਬਿਨਾਂ ਕੁਝ ਕਾਲੀਆਂ ਭੇਡਾਂ ਪੁਲਸ ਵਿਭਾਗ ਦੇ ਅਕਸ ਨੂੰ ਧੁੰਦਲਾ ਕਰਨ ਤੋਂ ਬਾਜ਼ ਨਹੀਂ ਆਉਂਦੀਆਂ। ਅਜਿਹਾ ਹੀ ਇਕ ਮਾਮਲਾ ਪੁਲਸ ਵਿਭਾਗ ਲਈ ਨਾਮੋਸ਼ੀ ਵਾਲਾ ਜਗ-ਜ਼ਾਹਿਰ ਹੋਇਆ ਹੈ। ਏ. ਐੱਸ. ਆਈ. ਸਮੇਤ ਪੁਲਸ ਦੇ 5 ਵਰਦੀਧਾਰੀ ਮੁਲਾਜ਼ਮਾਂ ਨੇ ਫਿਲਮੀ ਅੰਦਾਜ਼ 'ਚ ਇਕ ਨੌਜਵਾਨ ਨੂੰ ਨਿੱਜੀ ਕਾਰ 'ਚ ਅਗਵਾ ਕਰਨ ਮਗਰੋਂ 2 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ ਇਸ ਰਕਮ ਦਾ ਬੰਦੋਬਸਤ ਨਾ ਕਰਨ ਦੀ ਸੂਰਤ 'ਚ ਉਸ ਖਿਲਾਫ ਹੈਰੋਇਨ ਦਾ ਕੇਸ ਪਾਉਣ ਲਈ ਉਸ ਨੂੰ ਧਮਕਾਇਆ। ਨੌਜਵਾਨ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਕੇ ਕੁਝ ਰਕਮ ਦਾ ਬੰਦੋਬਸਤ ਕੀਤਾ ਗਿਆ, ਜਿਸ ਨੂੰ ਲੈਣ ਮਗਰੋਂ ਉਸ ਨੂੰ ਅਗਵਾਕਾਰ ਪੁਲਸ ਮੁਲਾਜ਼ਮਾਂ ਨੇ ਰਿਹਾਅ ਕੀਤਾ।

ਕੀ ਸੀ ਮਾਮਲਾ? 

ਕੱਥੂਨੰਗਲ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਚਵਿੰਡਾ ਦੇਵੀ ਵਾਸੀ 35 ਸਾਲਾ ਨੌਜਵਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ 4 ਜੂਨ ਦੀ ਸਵੇਰ 10 ਵਜੇ ਦੇ ਕਰੀਬ ਉਹ ਆਪਣੇ ਬੇਟੇ ਜਰਮਨਜੀਤ ਸਿੰਘ ਨਾਲ ਸ਼ਨੀ ਮੰਦਰ ਚਵਿੰਡਾ ਦੇਵੀ ਨੇੜੇ ਪੁੱਜਾ ਤਾਂ ਮੋਟਰਸਾਈਕਲ 'ਤੇ ਪੁੱਜੇ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਦੀ ਐਕਟਿਵਾ ਅੱਗੇ ਖੜ੍ਹਾ ਕਰ ਦਿੱਤਾ। ਇਸੇ ਦੌਰਾਨ ਆਈ-20 ਕਾਰ 'ਚ ਪੁਲਸ ਦਾ ਇਕ ਏ. ਐੱਸ. ਆਈ. ਆਇਆ ਤੇ ਬਾਈਕ ਸਵਾਰਾਂ ਨੇ ਜਬਰੀ ਫੜ ਕੇ ਉਸ ਨੂੰ ਕਾਰ 'ਚ ਸੁੱਟ ਲਿਆ। ਇਕ ਹੋਰ ਸਵਿਫਟ ਡਿਜ਼ਾਇਰ ਕਾਰ 'ਚ ਸਵਾਰ 2 ਨੌਜਵਾਨ ਵੀ ਉਥੇ ਪੁੱਜ ਗਏ ਅਤੇ ਇਹ ਲੋਕ ਉਸ ਨੂੰ ਰਈਆ ਲੈ ਗਏ। ਵਰਦੀਧਾਰੀ ਮੁਲਾਜ਼ਮ ਉਸ ਨੂੰ ਧਮਕਾਉਣ ਲੱਗੇ ਕਿ 2 ਲੱਖ ਰੁਪਏ ਦੇ, ਨਹੀਂ ਤਾਂ ਹੈਰੋਇਨ ਦਾ ਕੇਸ ਪਾ ਦੇਵਾਂਗੇ। ਉਸ ਨੇ ਫੋਨ ਕਰ ਕੇ ਆਪਣੇ ਭਰਾ ਹਰਜੀਤ ਸਿੰਘ ਕੋਲੋਂ 1 ਲੱਖ 20 ਹਜ਼ਾਰ ਰੁਪਏ ਮੰਗਵਾਏ ਤੇ 15 ਹਜ਼ਾਰ ਆਪਣੀ ਜੇਬ 'ਚੋਂ ਦੇ ਕੇ 1 ਲੱਖ 35 ਹਜ਼ਾਰ ਰੁਪਏ ਇਨ੍ਹਾਂ ਮੁਲਜ਼ਮਾਂ ਨੂੰ ਦਿੱਤੇ, ਜਿਸ ਮਗਰੋਂ ਉਸ ਨੂੰ ਕਾਰ 'ਚੋਂ ਬਾਹਰ ਕੱਢ ਦਿੱਤਾ ਗਿਆ।

ਪੁਲਸ ਦੀ ਕਾਰਵਾਈ

ਸ਼ਿਕਾਇਤ ਦੇ ਤੁਰੰਤ ਬਾਅਦ ਇਹ ਮਾਮਲਾ ਜ਼ਿਲਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਦੇ ਧਿਆਨ 'ਚ ਲਿਆਂਦਾ ਗਿਆ। ਪੁਲਸ ਵਲੋਂ ਕੀਤੀ ਜਾਂਚ ਦੌਰਾਨ ਬੇਨਕਾਬ ਹੋਣ ਵਾਲੇ ਇਹ ਮੁਲਾਜ਼ਮ ਜਿਨ੍ਹਾਂ ਦੀ ਪਛਾਣ ਏ. ਐੱਸ. ਆਈ. ਨਰਿੰਦਰਪਾਲ ਸਿੰਘ ਨੰ. 454, ਹੌਲਦਾਰ ਪਲਵਿੰਦਰ ਸਿੰਘ ਨੰ. 515, ਸਿਪਾਹੀ ਪ੍ਰਗਟ ਸਿੰਘ ਨੰ. 951, ਹੌਲਦਾਰ ਕੰਵਲਜੀਤ ਸਿੰਘ ਨੰ. 1541 ਅਤੇ ਸਿਪਾਹੀ ਕੰਵਰਪਾਲ ਸਿੰਘ ਨੰ. 623 ਖਿਲਾਫ ਥਾਣਾ ਕੱਥੂਨੰਗਲ ਵਿਖੇ ਮਾਮਲਾ ਦਰਜ ਕੀਤਾ ਗਿਆ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਛਾਪੇਮਾਰੀ ਕਰਦਿਆਂ ਏ. ਐੱਸ. ਆਈ. ਨਰਿੰਦਰਪਾਲ ਸਿੰਘ, ਸਿਪਾਹੀ ਪ੍ਰਗਟ ਸਿੰਘ ਅਤੇ ਹੌਲਦਾਰ ਕੰਵਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦਕਿ 2 ਹੋਰ ਮੁਲਾਜ਼ਮ ਹੌਲਦਾਰ ਪਲਵਿੰਦਰ ਸਿੰਘ ਅਤੇ ਸਿਪਾਹੀ ਕੰਵਰਪਾਲ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।

ਡਿਸਮਿਸ ਹੋਣਗੇ ਸਾਰੇ ਮੁਲਾਜ਼ਮ

ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਦਾ ਕਹਿਣਾ ਹੈ ਕਿ ਵਰਦੀ ਦੀ ਆੜ 'ਚ ਗਲਤ ਕੰਮ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਯਕੀਨਨ ਡਿਸਮਿਸ ਕੀਤਾ ਜਾਵੇਗਾ। ਭਵਿੱਖ ਵਿਚ ਵੀ ਡਿਊਟੀ 'ਚ ਕੋਤਾਹੀ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਆਮ ਜਨਤਾ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਬੇਖੌਫ ਹੋ ਕੇ ਅਜਿਹੇ ਭ੍ਰਿਸ਼ਟ ਕਰਮਚਾਰੀਆਂ ਦੀ ਸੂਚਨਾ ਪੁਲਸ ਨੂੰ ਜਾਂ ਫਿਰ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਕੇ ਜਾਣੂ ਕਰਵਾਉਣ। ਦਿਹਾਤੀ ਪੁਲਸ ਅਜਿਹੇ ਕਿਸੇ ਵੀ ਭ੍ਰਿਸ਼ਟ ਕਰਮਚਾਰੀ ਨੂੰ ਬਰਦਾਸ਼ਤ ਨਹੀਂ ਕਰੇਗੀ।