ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ਨਾਲ ਕੁੱਟਮਾਰ

04/20/2018 5:42:39 PM

ਰਾਜਪੁਰਾ (ਮਸਤਾਨਾ) : ਪਿੰਡ ਸਲੇਮਪੁਰ ਸ਼ੇਖਾਂ ਵਿਖੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ਨਾਲ ਧੱਕਾ-ਮੁੱਕੀ ਕਰ ਕੇ ਦੋਸ਼ੀ ਨੂੰ ਛਡਾਉਣ ਦੇ ਦੋਸ਼ ਹੇਠ ਥਾਣਾ ਸ਼ੰਭੂ ਦੀ ਪੁਲਸ ਨੇ ਥਾਣੇਦਾਰ ਬੂਟਾ ਸਿੰਘ ਦੀ ਸ਼ਿਕਾਇਤ 'ਤੇ 17 ਔਰਤਾਂ ਸਣੇ 4 ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਜਾਣਕਾਰੀ ਅਨੁਸਾਰ ਥਾਣਾ ਸ਼ੰਭੂ ਵਿਚ ਤਾਇਨਾਤ ਥਾਣੇਦਾਰ ਬੂਟਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਸਲੇਮਪੁਰ ਸ਼ੇਖਾਂ ਵਾਸੀ ਚੇਤਨ ਸਿੰਘ ਜਿਸ ਦੇ ਖਿਲਾਫ ਥਾਣਾ ਸ਼ੰਭੂ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਹੈ। ਬੀਤੇ ਦਿਨ ਉਹ ਸਮੇਤ ਪੁਲਸ ਪਾਰਟੀ ਪਿੰਡ ਵਿਖੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਗਏ ਸੀ ਤਾਂ ਉਥੇ ਚੇਤਨ ਸਿੰਘ ਦੇ ਕੁੱਝ ਸਾਥੀ ਕਰਨੈਲ ਸਿੰਘ, ਪੰਮਾ, ਹਰਜੀਤ ਕੌਰ, ਬੀਬੂ, ਪਾਲੂ ਸਣੇ ਲਗਭਗ 15 ਅਣਪਛਾਤੀਆਂ ਔਰਤਾਂ ਅਤੇ 25-30 ਅਣਪਛਾਤੇ ਵਿਅਕਤੀਆਂ ਨੇ ਚੇਤਨ ਸਿੰਘ ਨੂੰ ਛਡਾਉਣ ਲਈ ਪੁਲਸ ਪਾਰਟੀ ਨਾਲ ਬਦਸਲੂਕੀ ਅਤੇ ਧੱਕਾ-ਮੁੱਕੀ ਨਾਲ ਗਾਲੀ-ਗਲੋਚ ਵੀ ਕੀਤੀ, ਜਿਸ ਕਾਰਨ ਚੇਤਨ ਸਿੰਘ ਖੁਦ ਨੂੰ ਪੁਲਸ ਤੋਂ ਛੁਡਵਾ ਕੇ ਫਰਾਰ ਹੋ ਗਿਆ। ਪੁਲਸ ਨੇ ਥਾਣੇਦਾਰ ਬੂਟਾ ਸਿੰਘ ਦੀ ਸ਼ਿਕਾਇਤ 'ਤੇ ਉਕਤ ਸਾਰੇ ਵਿਅਕਤੀਆਂ ਅਤੇ ਔਰਤਾਂ ਖਿਲਾਫ ਧਾਰਾ 186, 353, 224, 225, 332, 149 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਇਸ ਸੰਬੰਧੀ ਥਾਣਾ ਸ਼ੰਭੂ ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਵਿਚੋਂ ਇਕ ਕਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।