ਪੁਲਸ ਦੇ ਦਬਾਅ ਕਾਰਨ ਅਗਵਾਕਾਰ ਬੱਚਾ ਛੱਡ ਕੇ ਹੋਏ ਫਰਾਰ

11/22/2017 4:00:56 PM

ਬੁਢਲਾਡਾ (ਬਾਂਸਲ/ਮਨਚੰਦਾ) - ਅਗਵਾ ਕੀਤਾ ਗਿਆ ਬੱਚਾ ਪੁਲਸ ਦੇ ਦਬਾਅ ਕਾਰਨ ਅਗਵਾਕਾਰ ਬੱਚੇ ਨੂੰ ਛੱਡ ਕੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਡੀ. ਐੱਸ. ਪੀ. ਰਛਪਾਲ ਸਿੰਘ ਨੇ ਦੱਸਿਆ ਕਿ ਅਗਵਾ ਹੋਏ ਬੱਚੇ ਦੀ ਤਲਾਸ਼ੀ ਲਈ ਪੁਲਸ ਵੱਲੋਂ ਸ਼ੁਰੂ ਕੀਤੇ ਗਏ ਤਲਾਸ਼ੀ ਅਭਿਆਨ ਤਹਿਤ ਬੀਤੀ ਰਾਤ ਅਗਵਾਕਾਰਾਂ ਨੇ ਕਾਰਵਾਈ ਤੋਂ ਡਰਦਿਆ ਬੱਚੇ ਨੂੰ ਝੁੱਗੀ ਝੋਪੜੀਆਂ ਦੇ ਨਜ਼ਦੀਕ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਬੱਚਾ ਰਾਜਵੀਰ (3) ਮਾਪਿਆਂ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆਂ ਕਿ ਅਗਵਾਕਾਰ ਬੱਚੇ ਦੇ ਹੀ ਕੋਈ ਰਿਸ਼ਤੇਦਾਰ ਹੀ ਹਨ, ਜਿਨ੍ਹਾ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਬੋਹਾ ਦੀ ਝੁੱਗੀਆਂ ਝੋਪੜੀਆਂ 'ਚ ਰਹਿਣ ਵਾਲੇ ਗਰੀਬ ਪਰਿਵਾਰ ਦੇ ਦੋ ਬੱਚੇ ਰਾਮਫਲ(5) ਅਤੇ ਉਸਦਾ ਭਰਾ ਰਾਜਵੀਰ(3) ਸਾਲਾਂ ਆਪਸ 'ਚ ਖੇਡ ਰਹੇ ਸਨ ਕਿ ਅਚਾਨਕ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਰਾਮਫਲ ਨੂੰ 10 ਰੁਪਏ ਦਾ ਲਾਲਚ ਦੇ ਕੇ ਘਰ ਜਾਣ ਲਈ ਕਿਹਾ ਤੇ ਇਸੇ ਦੌਰਾਨ ਉਸਦੇ ਛੋਟੇ ਤਿੰਨ ਸਾਲਾਂ ਦੇ ਭਰਾ ਰਾਜਵੀਰ ਨੂੰ ਅਗਵਾ ਕਰਕੇ ਰਫੂ ਚੱਕਰ ਹੋ ਗਏ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਅਗਵਾ ਦੌਰਾਨ ਬੱਚੇ ਦੀ ਮਾਤਾ ਅੰਗੂਰੀ ਦੇਵੀ ਨਜ਼ਦੀਕ ਆਟਾ ਮੰਗਣ ਗਈ ਸੀ ਅਤੇ ਪਿਤਾ ਦਿਹਾੜੀ ਤੇ ਗਿਆ ਸੀ। ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 365 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਸੀ। ਇਸ ਮੌਕੇ ਤੇ ਬੱਚਾ ਮਾਪਿਆਂ ਦੇ ਹਵਾਲੇ ਕਰਨ ਸਮੇਂ ਐੱਸ. ਐੱਚ. ਓ ਗੁਰਵੀਰ ਸਿੰਘ, ਸਹਾਇਕ ਥਾਣੇਦਾਰ ਨਿਰਮਲ ਸਿੰਘ, ਰੀਡਰ ਪਾਲ ਸਿੰਘ ਅਤੇ ਪੁਲਿਸ ਪਾਰਟੀ ਆਦਿ ਹਾਜ਼ਰ ਸਨ।