ਪੰਜਾਬ ''ਚ ''ਜ਼ਹਿਰੀਲੀ ਸ਼ਰਾਬ'' ਨਾਲ ਮੌਤਾਂ ਤੋਂ ਬਾਅਦ ਸਰਕਾਰ ਸਖ਼ਤ, ਜਾਰੀ ਕੀਤੇ ਨਵੇਂ ਹੁਕਮ

08/20/2020 9:10:43 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਮੁਤਾਬਕ ਸਿਰਫ ਈਥਾਨੌਲ ਅਤੇ ਸਪਿਰਟ ਦੀ ਸਪਲਾਈ ਸਿਰਫ ਜੀ. ਪੀ. ਐੱਸ. ਲੱਗੇ ਵਾਹਨਾਂ 'ਚ ਹੀ ਹੋ ਸਕੇਗੀ ਅਤੇ ਇਹ ਨਿਯਮ 5 ਸਤੰਬਰ, 2020 ਤੋਂ ਲਾਗੂ ਹੋਣਗੇ। ਨਕਲੀ ਸ਼ਰਾਬ ’ਤੇ ਰੋਕਥਾਮ ਦੇ ਮਕਸਦ ਨਾਲ ਆਬਕਾਰੀ ਮਹਿਕਮੇ ਨੇ ਇਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁਖ਼ਦ ਖ਼ਬਰ ਨੇ ਮਾਪਿਆਂ ਦਾ ਤੋੜਿਆ ਲੱਕ, ਕਦੇ ਸੋਚਿਆ ਨਹੀਂ ਸੀ ਪੁੱਤ ਅਜਿਹਾ ਕਰੇਗਾ

ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਆਬਕਾਰੀ ਕਮਿਸ਼ਨਰ ਰਜਤ ਅੱਗਰਵਾਲ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮਤਾਬਕ ਸਾਮਾਨ ਲਿਜਾਣ ਵਾਲੇ ਵਾਹਨ ਦੇ ਜੀ. ਪੀ. ਐੱਸ. ਕੋ-ਆਰਡੀਨੇਟਸ ਨੂੰ ਯੂਨਿਟ ਵੱਲੋਂ ਸਾਮਾਨ ਪੁੱਜਦਾ ਕਰਨ ਦੀ ਮਿਤੀ ਤੋਂ ਘੱਟੋ-ਘੱਟ 15 ਦਿਨ ਦੇ ਸਮੇਂ ਲਈ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਕਦਮ ਦਾ ਮਕਸਦ ਡਿਸਟਲਰੀਆਂ ਵੱਲੋਂ ਉਤਪਾਦਨ ਕੀਤੀ ਜਾਂਦੀ ਐਕਸਟਰਾ ਨਿਊਟਰਲ ਐਲਕੋਹਲ (ਈ. ਐੱਨ. ਏ.), ਈਥਾਨੌਲ ਸਪੈਸ਼ਲੀ ਡੀਨੇਚਰਡ ਸਪਿਰਟ (ਐੱਸ. ਡੀ. ਐੱਸ.), ਡੀਨੇਚਰਡ ਸਪਿਰਟ (ਡੀ.ਐੱਨ.ਐੱਸ.) ਅਤੇ ਰੈਕਟੀਫਾਈਡ ਸਪਿਰਟ (ਆਰ. ਐੱਸ.) ਦੀ ਢੋਆ-ਢੁਆਈ ’ਤੇ ਤਿੱਖੀ ਨਜ਼ਰ ਰੱਖਣਾ ਹੈ।

ਇਹ ਵੀ ਪੜ੍ਹੋ : ਪੰਜਾਬ ਨੇ ਰਚਿਆ ਇਤਿਹਾਸ, ਹੁਣ ਬਿਨਾਂ ਕੋਲੇ ਤੇ ਬਿਜਲੀ ਦੇ ਪਟੜੀ ’ਤੇ ਦੌੜੇਗੀ 'ਟਰੇਨ'

ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਟੈਂਕਰਾਂ ਦੀ ਛੇੜਛਾੜ ਰਹਿਤ ਸੀਲਬੰਦੀ, ਇਨ੍ਹਾਂ ਦੀ ਰਵਾਨਗੀ ਤੋਂ ਪਹਿਲਾਂ ਡਿਸਟਲਰੀ ਯੂਨਿਟਾਂ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਨਵੇਂ ਨਿਯਮਾਂ ਤਹਿਤ ਇਹ ਸੀਲ ਸਿਰਫ ਸਮਾਨ ਦੇ ਪ੍ਰਾਪਤ ਕਰਤਾ ਵੱਲੋਂ ਹੀ ਤੋੜੀ ਜਾਵੇਗੀ। ਇਸ ਸਬੰਧੀ ਸਮਾਨ ਰਵਾਨਾ ਅਤੇ ਸਮਾਨ ਪ੍ਰਾਪਤ ਕਰਨ ਵਾਲੀਆਂ ਯੂਨਿਟਾਂ ਵੱਲੋਂ ਪੂਰਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਹਰੇਕ ਟੈਂਕਰ/ਟਰੱਕ ਦੀ ਸਰਟੀਫਿਕੇਸ਼ਨ (ਪ੍ਰਮਾਣਿਕਤਾ) ਦਾ ਰਿਕਾਰਡ ਵੀ ਹਰ ਹਾਲਤ 'ਚ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ। ਕਿਸੇ ਵੀ ਸਥਿਤੀ ਦੌਰਾਨ ਪੰਜਾਬ 'ਚ ਸਿਰਫ਼ ਨੁਕਸ ਪੈਣ ਦੀ ਸਥਿਤੀ ਤੋਂ ਬਿਨਾਂ ਆਵਾਜਾਈ ਵਾਲੇ ਵਾਹਨ ਨੂੰ ਰਾਹ 'ਚ ਰੋਕਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਆਨਲਾਈਨ ਖਾਣੇ' ਦਾ ਆਰਡਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨੁਕਸ ਪੈਣ ਦੀ ਸਥਿਤੀ 'ਚ ਵੀ ਉਤਪਾਦਨ ਯੂਨਿਟ ਨੂੰ ਇਸ ਦੇ 15 ਮਿੰਟ 'ਚ ਯੂਨਿਟ ਦੇ ਆਬਕਾਰੀ ਅਫ਼ਸਰ ਇੰਚਾਰਜ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਅਜਿਹੇ ਮਾਮਲਿਆਂ 'ਚ ਵਾਹਨ ਦੇ ਆਊਟਲੈੱਟ ਦੀਆਂ ਸੀਲਾਂ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਇਨ੍ਹਾਂ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ। ਜੇਕਰ ਵਾਹਨ ਖਰਾਬ ਹੋਣ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਪੰਜਾਬ ਦੇ ਅਧਿਕਾਰ ਖੇਤਰ 'ਚ ਰੋਕਿਆ ਜਾਂਦਾ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਵਾਹਨ ਨੂੰ ਲੱਦੇ ਮਾਲ 'ਚ ਘਪਲੇਬਾਜ਼ੀ ਕਰਨ ਦੇ ਇਰਾਦੇ ਨਾਲ ਰੋਕਿਆ ਗਿਆ ਹੈ। ਅਜਿਹੇ ਹਾਲਤਾਂ 'ਚ ਡਿਸਟਲਰੀ ਅਤੇ ਟਰਾਂਸਪੋਰਟਰ ਉਪਰ ਸਾਂਝੇ ਤੌਰ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Babita

This news is Content Editor Babita