ਪ੍ਰਧਾਨ ਮੰਤਰੀ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ 700 ਕਿਸਾਨਾਂ ਦੇ ਆਸ਼ਰਿਤਾਂ ਨੂੰ ਦੇਣ ਮੁਆਵਜ਼ਾ : ਰੰਧਾਵਾ

11/22/2021 12:37:54 AM

ਜਲੰਧਰ(ਧਵਨ)- ਪੰਜਾਬ ਦੇ ਉਪ ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜ੍ਹਨ ਅਤੇ ਦੇਸ਼ ਨੂੰ ਅੱਗੇ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਅਨਾਜ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕਰਨ। ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ 700 ਕਿਸਾਨਾਂ ਦੇ ਆਸ਼ਰਿਤਾਂ ਨੂੰ ਲੋੜੀਂਦਾ ਮੁਆਵਜ਼ਾ ਦੇਣਾ ਚਾਹੀਦਾ ਹੈ, ਜਿਵੇਂ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਹੈ। ਅਜੇ ਤਕ ਕੇਂਦਰ ਸਰਕਾਰ ਵਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਵੀ ਆਰਥਿਕ ਮਦਦ ਮੁਹੱਈਆ ਨਹੀਂ ਕਰਵਾਈ ਗਈ ਹੈ।

ਇਹ ਵੀ ਪੜ੍ਹੋ- ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤੀ ਜਾਵੇ ਜੈੱਡ ਪਲੱਸ ਸੁਰੱਖਿਆ : ਭੱਠਲ
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਸੂਬਿਆਂ ਨੂੰ ਪਿਛਲੇ ਇਕ ਸਾਲ ਦੌਰਾਨ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਇਸ ਨੂੰ ਧਿਆਨ ’ਚ ਰੱਖਦੇ ਹੋਏ ਕੇਦਰ ਸਰਕਾਰ ਨੂੰ ਪੰਜਾਬ ਸਮੇਤ ਉਨ੍ਹਾਂ ਸੂਬਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਕਿਸਾਨ ਅੰਦੋਲਨ ਕਾਰਨ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਕਿਹਾ ਕਿ ਰੇਲ ਆਵਾਜਾਈ ਕਈ ਮਹਨਿਆਂ ਤਕ ਬੰਦ ਰਹੀ, ਜਿਸ ਨਾਲ ਪੰਜਾਬ ਦੇ ਉਦਯੋਗ ਅਤੇ ਵਪਾਰ ਨੂੰ ਭਾਰੀ ਨੁਕਸਾਨ ਝੱਲਣਾ ਪਿਆ।

ਉਨ੍ਹਾਂ ਕਿਹਾ ਕਿ ਸਮਾਂ ਅਜਿਹਾ ਹੈ ਕਿ ਜਦੋਂ ਸ਼ਹੀਦ ਕਿਸਾਨਾਂ ਦੇ ਪਰਿਵਾਰ ਵੀ ਕੇਂਦਰ ਸਰਕਾਰ ਵਲ ਵੇਖ ਰਹੇ ਹਨ ਕਿ ਉਹ ਉਨ੍ਹਾਂ ਦੀ ਮਦਦ ਲਈ ਕੀ ਕਰਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਅਜੇ ਤਕ ਕੇਂਦਰ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਕੋਈ ਵੀ ਐਲਾਨ ਨਹੀਂ ਕੀਤਾ। ਸੂਬਿਆਂ ਨੂੰ ਤੁਰੰਤ ਆਰਥਿਕ ਪੈਕੇਜ ਦੇਣ ਦੀ ਲੋੜ ਹੈ, ਤਾਂ ਕਿ ਉਹ ਪਿਛਲੇ ਇਕ ਸਾਲ ’ਚ ਹੋਏ ਆਰਥਿਕ ਨੁਕਸਾਨ ਤੋਂ ਉੱਭਰ ਕੇ ਖੁਦ ਨੂੰ ਮਜਬੂਤ ਕਰ ਸਕਣ।

ਇਹ ਵੀ ਪੜ੍ਹੋ- ਪੰਜਾਬ GST ਵਿਭਾਗ ਦਾ ਹਾਲ, ਰੈਵੇਨਿਊ ਗਿਰਾਓ, ਪ੍ਰਮੋਸ਼ਨ ਲੈ ਜਾਓ

ਉਪ ਮੁੱਖ ਮੰਤਰੀ ਰੰਧਾਵਾ ਨੇ ਮਾਤਾ ਚਿੰਤਪੂਰਨੀ ਮੰਦਰ ’ਚ ਟੇਕਿਆ ਮੱਥਾ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਆਪਣੇ ਸਾਥੀਆਂ ਨਾਲ ਮਾਤਾ ਚਿੰਤਪੂਰਨੀ ਮੰਦਰ (ਹਿਮਾਚਲ ਪ੍ਰਦੇਸ਼) ’ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਮਾਤਾ ਚਿੰਤਪੂਰਨੀ ਮੰਦਰ ਦੇ ਪੁਜਾਰੀ ਨੇ ਮਾਤਾ ਦੀ ਚੁੰਨੀ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਰੰਧਾਵਾ ਅੱਜ ਦੁਪਹਿਰ ਬਾਅਦ ਮਾਤਾ ਚਿੰਤਪੂਰਨੀ ਮੰਦਰ ਪੁੱਜੇ ਸਨ।

Bharat Thapa

This news is Content Editor Bharat Thapa