ਮੋਦੀ ਨੂੰ ਛੋਟਾ ਵਿਅਕਤੀ ਕਹਿਣ ਲਈ ਇਮਰਾਨ ਖਾਨ ਨੂੰ ਠੋਕਵਾਂ ਜਵਾਬ ਦੇਣ ਸਿੱਧੂ : ਸਿਰਸਾ

09/23/2018 8:08:32 AM

ਚੰਡੀਗਡ਼੍ਹ,(ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਗਰੀ ਯਾਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੇ ਟਵੀਟ ਜਿਸ ’ਚ ਉਨ੍ਹਾਂ ਨੇ ਮੋਦੀ ਨੂੰ ‘ਵੱਡੇ ਅਹੁਦਿਆਂ ’ਤੇ ਬੈਠੇ ਛੋਟੇ ਵਿਅਕਤੀ’ ਕਰਾਰ ਦਿੱਤਾ ਹੈ ਦਾ ਮੋਡ਼ਵਾਂ ਜਵਾਬ ਦੇਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਫੌਜ ਵਲੋਂ ਮਾਰੇ ਅੱਤਵਾਦੀਆਂ ਦੇ ਨਾਂ ’ਤੇ ਡਾਕ ਟਿਕਟਾਂ ਜਾਰੀ ਕਰਨ ਲਈ ਪਾਕਿਸਤਾਨ ਸਰਕਾਰ ਦੀ ਨੀਤੀ ਦੀ ਨਿਖੇਧੀ ਵੀ ਕਰਨੀ ਚਾਹੀਦੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਭਾਰਤੀ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਸਿੱਧੂ ਉਨ੍ਹਾਂ ਲੋਕਾਂ ਦੇ ਬੁਲਾਰੇ ਬਣੇ ਹੋਏ ਹਨ, ਜੋ ਭਾਰਤੀ ਪ੍ਰਧਾਨ ਮੰਤਰੀ ਨੂੰ ‘ਛੋਟੇ ਲੋਕ’ ਕਰਾਰ ਦੇ ਰਹੇ ਹਨ।
 
ਉਨ੍ਹਾਂ ਕਿਹਾ ਕਿ ਹੁਣ ਢੁਕਵਾਂ ਸਮਾਂ ਹੈ ਕਿ ਸਿੱਧੂ ਆਪਣੇ ਜਿਗਰੀ ਮਿੱਤਰ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਅਤੇ ਦੱਸਣ ਕਿ ਭਾਰਤੀ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਮਾਸੂਮ ਭਾਰਤੀਆਂ ਦੀ ਹੱਤਿਆ ਅਤੇ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਅਪਮਾਨਜਨਕ ਭਾਸ਼ਾ ਵਰਤੇ ਜਾਣ ਦੀ ਕੀਮਤ ’ਤੇ ਨਹੀਂ।


ਸਿਰਸਾ ਨੇ ਇਹ ਵੀ ਆਖਿਆ ਕਿ ਭਾਵੇਂ ਆਮ ਭਾਰਤੀ ਦਾ ਮੰਨਣਾ ਹੈ ਕਿ ਕੋਈ ਵੀ ਪਾਰਟੀ ਪਕਿਸਤਾਨ ’ਤੇ ਰਾਜ ਕਰੇ, ਉਹ ਭਾਰਤ ਪ੍ਰਤੀ ਆਪਣੇ ਤੌਰ ਤਰੀਕੇ ਅਤੇ ਰਵੱਈਆ ਨਹੀਂ ਬਦਲ ਸਕਦੀ ਪਰ ਫਿਰ ਵੀ ਜੇਕਰ ਸਿੱਧੂ ਸਮਝਦੇ ਹਨ ਕਿ ਉਨ੍ਹਾਂ ਦੇ ਮਿੱਤਰ ਜਾਦੂ ਕਰ ਸਕਦੇ ਹਨ ਅਤੇ ਸ਼ਾਂਤੀ ਤੇ ਦੋਸਤਾਨਾ ਸਬੰਧਾਂ ਵਾਲਾ ਮਾਹੌਲ ਬਣਾ ਸਕਦੇ ਹਨ, ਭਾਵੇਂ ਉਹ ਪਹਿਲੇ ਹੀ ਯਤਨ ਵਿਚ ਅਸਫਲ ਰਹੇ ਹਨ, ਤਾਂ ਉਨ੍ਹਾਂ ਨੂੰ ਅੱਗੇ ਵਧਣਾ  ਚਾਹੀਦਾ ਹੈ ਅਤੇ ਆਪਣੇ ਮਿੱਤਰ ਨੂੰ ਦੱਸਣਾ ਚਾਹੀਦਾ ਹੈ ਕਿ ਗੁਅਾਂਢੀਆਂ ਵਾਲੇ ਸਬੰਧਾਂ ਦਾ ਹਰ ਇਕ ’ਤੇ ਕੀ ਅਸਰ ਹੁੰਦਾ ਹੈ।