LDP ਸਕੀਮ ਤਹਿਤ ਪਲਾਟ ਅਲਾਟਮੈਂਟ ਘਪਲਾ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

09/16/2022 5:17:32 PM

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਮੌਜੂਦਾ ਕਾਰਜਕਾਰੀ ਇੰਜੀਨੀਅਰ ਬੂਟਾ ਰਾਮ, ਕਾਰਜਕਾਰੀ ਇੰਜੀਨੀਅਰ (ਐਕਸੀਅਨ) ਜਗਦੇਵ ਸਿੰਘ, ਜੂਨੀਅਰ ਇੰਜੀਨੀਅਰ, ਐੱਲ. ਆਈ. ਟੀ. ਇੰਦਰਜੀਤ ਸਿੰਘ, ਨਗਰ ਨਿਗਮ ਲੁਧਿਆਣਾ ਦੇ ਜੂਨੀਅਰ ਇੰਜੀਨੀਅਰ ਮਨਦੀਪ ਸਿੰਘ ਅਤੇ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੇ ਨਿਵਾਸੀ ਇਕ ਪ੍ਰਾਈਵੇਟ ਵਿਅਕਤੀ ਕਮਲਦੀਪ ਸਿੰਘ ਖਿਲਾਫ਼ ਸਥਾਨਕ ਨਾਗਰਿਕ ਵਿਸਥਪਾਨ (ਐੱਲ.ਡੀ.ਪੀ.) ਸਕੀਮ ਤਹਿਤ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐੱਲ.ਆਈ.ਟੀ.) ’ਚ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਸਬੰਧੀ ਭ੍ਰਿਸ਼ਟਾਚਾਰ ਦਾ ਇਕ ਹੋਰ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਜਗਦੇਵ ਸਿੰਘ ਐਕਸੀਅਨ, ਇੰਦਰਜੀਤ ਸਿੰਘ ਤੇ ਮਨਦੀਪ ਸਿੰਘ (ਦੋਵੇਂ ਜੇ. ਈ.) ਅਤੇ ਕਮਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਥਾਣਾ, ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈ. ਪੀ. ਸੀ. ਦੀ 120-ਬੀ ਤਹਿਤ ਦਰਜ ਐੱਫ.ਆਈ.ਆਰ. ਨੰ. 8, ਮਿਤੀ 14.07.2022 ਦੀ ਤਫ਼ਤੀਸ਼ ਦੌਰਾਨ ਇਹ ਪਾਇਆ ਗਿਆ ਕਿ ਐੱਲ. ਆਈ. ਟੀ. ਦੇ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਕਰਦਿਆਂ ਅਤੇ ਹੋਰਾਂ ਦੀ ਮਿਲੀਭੁਗਤ ਨਾਲ ਐੱਲ.ਡੀ.ਪੀ. ਸਕੀਮ ਤਹਿਤ ਅਣਅਧਿਕਾਰਤ ਵਿਅਕਤੀਆਂ ਨੂੰ ਰਿਹਾਇਸ਼ੀ ਪਲਾਟ ਅਲਾਟ ਕੀਤੇ ਸਨ। ਭਾਵੇਂ ਕੁਝ ਅਲਾਟੀਆਂ ਦੀ ਮੌਤ ਹੋ ਚੁੱਕੀ ਸੀ ਪਰ ਉਨ੍ਹਾਂ ਦੇ ਪਲਾਟ ਐੱਲ.ਆਈ.ਟੀ. ਅਧਿਕਾਰੀਆਂ ਵੱਲੋਂ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਣਅਧਿਕਾਰਤ ਵਿਅਕਤੀਆਂ ਨੂੰ ਦੁਬਾਰਾ ਅਲਾਟ ਕਰ ਦਿੱਤੇ ਗਏ ਅਤੇ ਲਾਭਪਾਤਰੀਆਂ ਤੋਂ ਮੋਟੀ ਰਿਸ਼ਵਤ ਹਾਸਲ ਕੀਤੀ ਗਈ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੜਤਾਲ ਦੌਰਾਨ ਰਿਕਾਰਡ ’ਤੇ ਇਹ ਸਾਹਮਣੇ ਆਇਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ’ਚ ਪਲਾਟ ਨੰਬਰ 1544-ਡੀ ਇਕ ਨਿੱਜੀ ਵਿਅਕਤੀ ਕਮਲਦੀਪ ਸਿੰਘ ਨੂੰ ਅਲਾਟ ਕੀਤਾ ਗਿਆ ਸੀ। ਇਸ ਮਾਮਲੇ ’ਚ ਇੰਦਰਜੀਤ ਸਿੰਘ ਜੇ. ਈ., ਬੂਟਾ ਰਾਮ ਟਰੱਸਟ ਇੰਜੀਨੀਅਰ ਅਤੇ ਜਸਦੀਪ ਸਿੰਘ ਐਕਸੀਅਨ, ਮਨਦੀਪ ਸਿੰਘ ਜੇ.ਈ. ਐੱਮ. ਸੀ. ਲੁਧਿਆਣਾ ਨੇ ਉਪਰੋਕਤ ਇਲਾਕੇ ’ਚ ਪਾਣੀ ਅਤੇ ਸੀਵਰੇਜ ਦੀ ਸਹੂਲਤ ਨਾ ਹੋਣ ਸਬੰਧੀ ਐੱਲ. ਆਈ. ਟੀ. ਨੂੰ ਝੂਠੀਆਂ/ਮਨਘੜਤ ਰਿਪੋਰਟਾਂ ਦਿੱਤੀਆਂ ਸਨ। ਅਲਾਟੀ ਦਾ ਪੱਖ ਪੂਰਨ ਦੇ ਉਦੇਸ਼ ਨਾਲ ਉਪਰੋਕਤ ਅਧਿਕਾਰੀਆਂ/ਕਰਮਚਾਰੀਆਂ ਨੇ ਸਮਰੱਥ ਅਥਾਰਟੀ ਤੋਂ ਪ੍ਰਵਾਨਗੀ ਲਏ ਬਿਨਾਂ 27 ਲੱਖ ਰੁਪਏ ਦਾ ਗੈਰ-ਉਸਾਰੀ ਜੁਰਮਾਨਾ ਛੱਡ ਦਿੱਤਾ ਸੀ, ਜਦਕਿ ਇਹ ਅਲਾਟੀ ਤੋਂ ਵਸੂਲਿਆ ਜਾਣਾ ਜ਼ਰੂਰੀ ਸੀ, ਜਿਸ ਨਾਲ ਉਨ੍ਹਾਂ ਸਰਕਾਰੀ ਖਜ਼ਾਨੇ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਲਾਭਪਾਤਰੀਆਂ ਤੋਂ ਮੋਟੀ ਰਿਸ਼ਵਤ ਲੈ ਕੇ ਐੱਲ.ਡੀ.ਪੀ. ਸਕੀਮ ਤਹਿਤ ਪਲਾਟ ਅਲਾਟ ਕਰਨ ਲਈ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਆਰਥਿਕ ਅਪਰਾਧ ਵਿੰਗ, ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 12, 13(2) ਅਤੇ ਆਈ.ਪੀ.ਸੀ. ਦੀ ਧਾਰਾ 409, 420, 467, 471, 120-ਬੀ ਤਹਿਤ ਐੱਫ.ਆਈ.ਆਰ. ਨੰਬਰ 09 ਅਧੀਨ ਮਾਮਲਾ ਦਰਜ ਕੀਤਾ ਹੋਇਆ ਹੈ। ਇਸ ਮਾਮਲੇ ’ਚ ਐੱਲ.ਆਈ.ਟੀ. ਦੇ ਅਧਿਕਾਰੀਆਂ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਸੀ, ਜਿਸ ’ਚ ਰਮਨ ਬਾਲਾਸੁਬਰਾਮਣੀਅਮ, ਸਾਬਕਾ ਚੇਅਰਮੈਨ ਐੱਲ.ਆਈ.ਟੀ., ਕੁਲਜੀਤ ਕੌਰ ਈ.ਓ., ਅੰਕਿਤ ਨਾਰੰਗ ਐੱਸ.ਡੀ.ਓ., ਪਰਵੀਨ ਕੁਮਾਰ ਸੇਲਜ਼ ਕਲਰਕ, ਗਗਨਦੀਪ ਕਲਰਕ ਅਤੇ ਸਾਬਕਾ ਚੇਅਰਮੈਨ ਦੇ ਪੀ.ਏ. ਸੰਦੀਪ ਸ਼ਰਮਾ ਸ਼ਾਮਲ ਸਨ। ਉਪਰੋਕਤ ਮੁਲਜ਼ਮਾਂ ’ਚੋਂ ਸੰਦੀਪ ਸ਼ਰਮਾ ਪੀ. ਏ., ਪ੍ਰਵੀਨ ਕੁਮਾਰ ਕਲਰਕ ਅਤੇ ਕੁਲਜੀਤ ਕੌਰ ਈ. ਓ. ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਹੇ ਹਨ ਅਤੇ ਇਸ ਬਾਰੇ ਅਗਲੇਰੀ ਜਾਂਚ ਜਾਰੀ ਹੈ।

Manoj

This news is Content Editor Manoj