ਲੋਕ ਸ਼ਰਤਾਂ ਲਈ ਪਾਲ ਰਹੇ ਹਨ ਪਿਟਬੁਲ, ਪੰਜਾਬ ''ਚ ਰਜਿਸਟ੍ਰੇਸ਼ਨ ਦਾ ਕੋਈ ਕਾਨੂੰਨ ਨਹੀਂ

01/30/2020 12:01:17 PM

ਜਲੰਧਰ (ਵਿਸ਼ੇਸ਼)— ਜਲੰਧਰ ਦੇ ਪੁਰੀਆਂ ਮੁਹੱਲੇ ਵਿਚ ਮੰਗਲਵਾਰ ਦੀ ਸ਼ਾਮ ਟਿਊਸ਼ਨ ਤੋਂ ਘਰ ਵਾਪਸ ਜਾ ਰਹੇ 12 ਸਾਲ ਦੇ ਬੱਚੇ ਲਕਸ਼ 'ਤੇ ਪਿਟਬੁਲ ਨੇ ਹਮਲਾ ਕਰ ਦਿੱਤਾ। 10 ਮਿੰਟ ਤੱਕ ਕੁੱਤਾ ਬੱਚੇ ਨੂੰ ਨੋਚਦਾ ਰਿਹਾ। ਆਸਪਾਸ ਦੇ ਲੋਕਾਂ ਨੇ ਬੱਚੇ ਨੂੰ ਕੁੱਤੇ ਤੋਂ ਬਚਾਉਣ ਦੀ ਲੱਖ ਕੋਸ਼ਿਸ਼ ਕੀਤੀ। ਡੰਡਿਆਂ, ਬਾਲਟੀਆਂ ਨਾਲ ਕੁੱਟਿਆ ਵੀ ਪਰ ਸਭ ਨਾਕਾਮ। ਆਖਿਰ ਬੱਚੇ ਨੇ ਖੁਦ ਹੀ ਹਿੰਮਤ ਦਿਖਾਉਂਦੇ ਹੋਏ ਆਪਣੇ ਹੱਥਾਂ ਨਾਲ ਕੁੱਤੇ ਦੇ ਜਬ੍ਹਾੜੇ ਨੂੰ ਖੋਲ੍ਹਿਆ ਅਤੇ ਖੁਦ ਨੂੰ ਬਚਾਇਆ। ਪਿਟਬੁਲ ਵੱਲੋਂ ਕਿਸੇ ਨੂੰ ਨੋਚੇ ਜਾਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਧ ਗਈਆਂ ਹਨ। ਹਾਈ ਕੋਰਟ ਦੇ ਸਖਤ ਹੁਕਮਾਂ ਦਾ ਵੀ ਸਰਕਾਰ 'ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ।  ਕੁੱਤਿਆਂ ਦੇ ਕਾਰਨ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਬੱਚਿਆਂ ਅਤੇ ਔਰਤਾਂ ਨੂੰ ਹੁੰਦੀ ਹੈ।

ਬੱਚੇ ਗਲੀ ਵਿਚ ਖੇਡਦੇ ਹਨ ਤਾਂ ਕੁੱਤਿਆਂ ਦੇ ਵੱਢਣ ਦਾ ਡਰ ਰਹਿੰਦਾ ਹੈ। ਪੰਜਾਬ ਵਿਚ ਨਾ ਤਾਂ ਘਰਾਂ 'ਚ ਕੁੱਤੇ ਰੱਖਣ ਦੀ ਪਾਬੰਦੀ ਹੈ ਅਤੇ ਨਾ ਹੀ ਇਨ੍ਹਾਂ ਦੀ ਰਜਿਸਟ੍ਰੇਸ਼ਨ ਦਾ ਕੋਈ ਕਾਨੂੰਨ ਹੈ। ਇਹ ਦੇਖਣ 'ਚ ਆਇਆ ਹੈ ਕਿ ਕੁੱਤੇ ਪਾਲਣ ਅਤੇ ਵੇਚਣ ਦਾ ਬਹੁਤ ਵੱਡਾ ਕਾਰੋਬਾਰ ਹੈ। ਜਿਹੜੇ ਲੋਕ ਇਨ੍ਹਾਂ ਨੂੰ ਪਾਲਦੇ ਹਨ, ਉਹ ਖੁਦ ਇਨ੍ਹਾਂ ਨੂੰ ਹਮਲਾਵਰ ਬਣਾਉਂਦੇ ਹਨ। ਫਿਰ ਕੁੱਤਿਆਂ ਨੂੰ ਆਪਸ 'ਚ ਲੜਾਉਣ ਦੀਆਂ ਸ਼ਰਤਾਂ ਲੱਗਦੀਆਂ ਹਨ। ਇਸ ਤਰ੍ਹਾਂ ਦਾ ਮਾਮਲਾ ਜ਼ਿਲਾ ਤਰਨਤਾਰਨ ਅਤੇ ਬਠਿੰਡਾ ਵਿਚ ਪੁਲਸ ਦੇ ਸਾਹਮਣੇ ਆਇਆ ਹੈ। ਇਕ ਮਾਮਲੇ 'ਚ ਤਾਂ ਪੁਲਸ ਨੇ 2 ਪਿਟਬੁਲ ਕੁੱਤਿਆਂ ਨੂੰ ਨਾ ਕੇਵਲ ਥਾਣੇ ਵਿਚ ਰੱਖਿਆ, ਨਾਲ ਹੀ ਉਨ੍ਹਾਂ ਦੀ ਸੇਵਾ ਵੀ ਕਰਨੀ ਪਈ। ਫਿਰ ਜਦੋਂ ਇਕ ਕੁੱਤਾ ਭੱਜ ਗਿਆ ਤਾਂ ਪੁਲਸ 4 ਕਿਲੋਮੀਟਰ ਤੱਕ ਕੁੱਤੇ ਦੇ ਪਿੱਛੇ ਭੱਜਦੀ ਦਿਸੀ। ਦੂਜੇ ਪਾਸੇ ਕੁੱਤੇ ਪਾਲਣ ਦਾ ਸ਼ੌਕ ਸਟੇਟਸ ਸਿੰਬਲ ਬਣਦਾ ਜਾ ਿਰਹਾ ਹੈ ਅਤੇ ਲੋਕ ਸ਼ਰਤ ਲਗਾਉਣ ਲਈ ਪਿਟਬੁਲ ਪਾਲ ਰਹੇ ਹਨ ਅਤੇ ਨਗਰ ਨਿਗਮਾਂ ਵਿਚ ਇਨ੍ਹਾਂ ਦੀ ਰਜਿਸਟ੍ਰੇਸ਼ਨ ਦਾ ਕੋਈ ਕਾਨੂੰਨ ਹੀ ਨਹੀਂ ਹੈ।

ਬੱਚਿਆਂ ਅਤੇ ਔਰਤਾਂ ਨੂੰ ਜ਼ਿਆਦਾ ਵੱਢਦੇ ਹਨ ਕੁੱਤੇ
ਪਿਛਲੇ ਕੁਝ ਸਮੇਂ ਤੋਂ ਕੁੱਤੇ ਜ਼ਿਆਦਾ ਹਮਲਾਵਰ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਖਬਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਹ ਵੀ ਵੇਖਣ 'ਚ ਆਇਆ ਹੈ ਕਿ ਜਿੰਨੀਆਂ ਵੀ ਥਾਵਾਂ 'ਤੇ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਹੋਈਆਂ ਹਨ, ਉਨ੍ਹਾਂ ਵਿਚ ਜ਼ਿਆਦਾਤਰ ਘਟਨਾਵਾਂ ਬੱਚਿਆਂ ਅਤੇ ਔਰਤਾਂ ਨੂੰ ਨੋਚੇ ਜਾਣ ਦੀਆਂ ਹਨ। ਕੁਝ ਘਟਨਾਵਾਂ 'ਚ ਤਾਂ ਕੁੱਤਿਆਂ ਨੇ ਬੱਚਿਆਂ ਅਤੇ ਔਰਤਾਂ ਨੂੰ ਮੂੰਹ 'ਤੇ ਕੱਟਿਆ ਹੈ। ਲੋਕਾਂ ਨੂੰ ਕੱਟਣ ਦੇ ਨਾਲ ਹੀ ਕੁੱਤੇ ਪਸ਼ੂਆਂ ਨੂੰ ਵੀ ਕੱਟ ਰਹੇ ਹਨ। ਇਕ ਅਜਿਹੀ ਹੀ ਘਟਨਾ ਕੁਝ ਮਹੀਨੇ ਪਹਿਲਾਂ ਇਕ ਗਾਂ ਨੂੰ ਪਿਟਬੁਲ ਦੁਆਰਾ ਕੱਟੇ ਜਾਣ ਦੀ ਵੀ ਹੈ। ਪਿਟਬੁਲ ਨੇ ਗਾਂ ਨੂੰ ਮੂੰਹ 'ਤੇ ਕੱਟਿਆ ਅਤੇ ਜਦੋਂ ਤੱਕ ਗਾਂ ਦੀ ਮੌਤ ਨਹੀਂ ਹੋ ਗਈ, ਉਸਨੇ ਛੱਡਿਆ ਨਹੀਂ।
ਲਾਕ ਹੋ ਜਾਂਦਾ ਹੈ ਜਬ੍ਹਾੜਾ
ਜਿਸ ਤਰ੍ਹਾਂ ਹੀ ਮੰਗਲਵਾਰ ਦੀ ਘਟਨਾ 'ਚ ਲੋਕਾਂ ਨੇ ਪਿਟਬੁਲ ਨੂੰ ਡੰਡੇ, ਬਾਲਟੀਆਂ ਆਦਿ ਨਾਲ ਮਾਰਿਆ ਪਰ ਉਸ ਨੇ ਬੱਚੇ ਨੂੰ ਨਹੀਂ ਛੱਡਿਆ। ਆਖਿਰ ਬੱਚੇ ਨੇ ਖੁਦ ਹੀ ਆਪਣੇ ਹੱਥਾਂ ਨਾਲ ਕੁੱਤੇ ਦਾ ਜਬ੍ਹਾੜਾ ਖੋਲ੍ਹਿਆ। ਇਸ ਦਾ ਕਾਰਨ ਇਹ ਹੈ ਕਿ ਪਿਟਬੁਲ ਜਦੋਂ ਕਿਸੇ ਨੂੰ ਕੱਟਦਾ ਹੈ ਤਾਂ ਉਸ ਦਾ ਜਬ੍ਹਾੜਾ ਲਾਕ ਹੋ ਜਾਂਦਾ ਹੈ ਅਤੇ ਉਹ ਆਪਣਾ ਮੂੰਹ ਨਹੀਂ ਖੋਲ੍ਹ ਪਾਉਂਦਾ।

ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਪਿਟਬੁਲ ਬੈਨ
ਜਾਣਕਾਰੀ ਮੁਤਾਬਕ ਅਮਰੀਕਾ, ਕੈਨੇਡਾ, ਰੂਸ, ਫਰਾਂਸ, ਨਿਊਜ਼ੀਲੈਂਡ, ਆਸਟਰੇਲੀਆ, ਬ੍ਰਾਜ਼ੀਲ, ਬੈਲਜੀਅਮ, ਫਿਨਲੈਂਡ, ਡੈਨਮਾਰਕ, ਪੋਲੈਂਡ, ਨਾਰਵੇ, ਸਪੇਨ, ਇਟਲੀ ਆਦਿ ਦੇਸ਼ਾਂ ਵਿਚ ਪਿਟਬੁਲ 'ਤੇ ਪੂਰਨ ਰੂਪ ਨਾਲ ਬੈਨ ਹੈ। ਜੇਕਰ ਕਿਸੇ ਨੇ ਕੁੱਤਾ ਰੱਖਣਾ ਹੈ ਤਾਂ ਬਕਾਇਦਾ ਉਸਦੀ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਕੁੱਤੇ ਦੇ ਗਲੇ ਵਿਚ ਪਟਾ ਅਤੇ ਟੋਕਨ ਪਾਇਆ ਜਾਂਦਾ ਹੈ। ਉਸ ਦੇ ਬਾਅਦ ਜਦੋਂ ਕੋਈ ਵਿਅਕਤੀ ਕੁੱਤੇ ਨੂੰ ਘੁਮਾਉਣ ਲਈ ਬਾਹਰ ਲਿਜਾਂਦਾ ਹੈ ਤਾਂ ਨਾਲ ਹੀ ਖੁਰਪੀ ਅਤੇ ਬੈਗ ਲੈ ਕੇ ਜਾਂਦਾ ਹੈ। ਜੇਕਰ ਕੁੱਤਾ ਰਸਤੇ ਵਿਚ ਟੱਟੀ ਕਰ ਦੇਵੇ ਅਤੇ ਮਾਲਕ ਵਲੋਂ ਨਾ ਉਠਾਈ ਜਾਵੇ ਤਾਂ ਇਸ 'ਤੇ 500 ਡਾਲਰ ਜੁਰਮਾਨੇ ਦਾ ਕਾਨੂੰਨ ਹੈ।

ਪਿਟਬੁਲ ਜਿੰਨੀ ਜਗ੍ਹਾ 'ਤੇ ਕੱਟਦਾ ਹੈ, ਓਨੀ ਜਗ੍ਹਾ ਲੱਗਦੇ ਹਨ ਇੰਜੈਕਸ਼ਨ
ਜਿਸ ਤਰ੍ਹਾਂ ਕਿ ਜਲੰਧਰ 'ਚ ਟਿਊਸ਼ਨ ਤੋਂ ਵਾਪਸ ਜਾ ਰਹੇ ਬੱਚੇ ਨੂੰ ਪਿਟਬੁਲ ਨੇ ਕੱਟਿਆ ਹੈ ਤਾਂ ਉਸ ਦੇ ਜਿੰਨੀ ਜਗ੍ਹਾ 'ਤੇ ਪਿਟਬੁਲ ਨੇ ਕੱਟਿਆ ਹੈ, ਉਸ ਨੂੰ ਓਨੀ ਜਗ੍ਹਾ 'ਤੇ ਹੀ ਇੰਜੈਕਸ਼ਨ ਲਗਾਏ ਗਏ। 5 ਦਿਨ ਇੰਜੈਕਸ਼ਨ ਲਗਾਉਣ ਤੋਂ ਬਾਅਦ ਇਕ ਵੱਖ ਨਾਲ ਇੰਜੈਕਸ਼ਨ ਲਗਾਇਆ ਜਾਂਦਾ ਹੈ।

ਨਗਰ ਨਿਗਮ 'ਚ ਰਜਿਸਟ੍ਰੇਸ਼ਨ ਵਰਗੀ ਸੁਵਿਧਾ ਨਹੀਂ
ਨਗਰ ਨਿਗਮ ਜਲੰਧਰ ਦੇ ਡਾ. ਰਾਜ ਕਮਲ ਸਿੱਧੂ ਨਾਲ ਜਦੋਂ ਕੁੱਤਿਆਂ ਦੀ ਰਜਿਸਟ੍ਰੇਸ਼ਨ ਦੇ ਸਬੰਧ ਵਿਚ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਗਮ 'ਚ ਰਜਿਸਟ੍ਰੇਸ਼ਨ ਸਬੰਧੀ ਕੋਈ ਪ੍ਰਾਵਧਾਨ ਨਹੀਂ ਹੈ। ਜਦੋਂ ਕੋਈ ਵਿਅਕਤੀਗਤ ਤੌਰ 'ਤੇ ਆਪਣੇ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੇ ਤਾਂ ਕੈਨਲ ਕਲੱਬ ਚੇਨਈ ਵਿਚ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਹੈ। ਜਦੋਂ ਉਸ ਨੇ ਪਿਟਬੁਲ ਦੇ ਕੱਟਣ 'ਤੇ ਕਾਰਵਾਈ ਦੇ ਸਬੰਧ ਵਿਚ ਪੁੱੱਛਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦੇ ਕੋਲ ਕੋਈ ਸ਼ਿਕਾਇਤ ਨਹੀਂ ਆਉਂਦੀ। ਫਿਰ ਵੀ ਜਿਸ ਤਰ੍ਹਾਂ ਦੀ ਸ਼ਿਕਾਇਤ ਹੋਵੇਗੀ ਨਿਗਮ ਉਸ 'ਤੇ ਜੋ ਕਾਰਵਾਈ ਬਣਦੀ ਹੋਵੇਗੀ, ਜ਼ਰੂਰ ਕਰੇਗਾ। ਨਾਲ ਹੀ ਇਹ ਵੀ ਕਿਹਾ ਕਿ ਨਿਗਮ ਵੱਲੋਂ ਸਟੇਟ ਡਾਮਸ ਸਟਰਲਾਈਜ਼ੇਸ਼ਨ ਦੇ ਨਾਲ-ਨਾਲ ਉਨ੍ਹਾਂ ਨੂੰ ਫੜ ਕੇ ਇੰਜੈਕਸ਼ਨ ਲਗਾਏ ਜਾ ਰਹੇ ਹਨ ਤਾਂ ਕਿ ਰੈਬੀਜ਼ ਨਾ ਫੈਲ ਸਕੇ।


shivani attri

Content Editor

Related News