ਪਿਸਤੌਲ ਦੀ ਨੋਕ ''ਤੇ ਮੋਬਾਇਲ ਖੋਹਣ ਵਾਲੇ ਚੜ੍ਹੇ ਪੁਲਸ ਅੜਿੱਕੇ, ਦੋ ਪਿਸਤੌਲ ਤੇ ਮੋਬਾਇਲ ਬਰਾਮਦ

10/04/2017 6:49:45 PM

ਤਲਵੰਡੀ ਸਾਬੋ (ਮੁਨੀਸ਼) : ਬੀਤੇ ਦਿਨੀਂ ਤਲਵੰਡੀ ਸਾਬੋ ਵਿਖੇ ਦਿਨ-ਦਿਹਾੜੇ ਬੈਂਕ ਵਿਚ ਫੀਸ ਭਰਨ ਜਾ ਰਹੇ ਨੌਜਵਾਨ ਤੋਂ ਪਿਸਤੌਲ ਦੀ ਨੋਕ 'ਤੇ ਦੋ ਮੋਬਾਇਲ ਖੋਹ ਕੇ ਭੱਜਣ ਵਾਲਿਆਂ ਨੂੰ ਪੁਲਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਨੇ ਕਥਿਤ ਦੋਸ਼ੀਆਂ ਤੋਂ ਦੋ ਪਿਸਤੌਲ ਅਤੇ ਮੋਬਾਇਲ ਬਰਾਮਦ ਕੀਤੇ ਹਨ। ਡੀ.ਐਸ.ਪੀ ਬਰਿੰਦਰ ਸਿੰਘ ਗਿੱਲ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਤਲਵੰਡੀ ਸਾਬੋ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 25 ਸਤੰਬਰ ਨੂੰ ਬਾਅਦ ਦੁਪਹਿਰ ਜਦੋਂ ਉਹ ਆਪਣੇ ਦੋਸਤ ਰੁਪਿੰਦਰ ਸਿੰਘ ਨਾਲ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਤਾਂ ਜਗਜੋਤ ਸਿੰਘ ਤੇ ਰਾਜਵੀਰ ਸਿੰਘ ਰਾਜੂ ਪੁੱਤਰ ਹਰਮੇਲ ਸਿੰਘ ਅਤੇ ਬੀਰੀ ਸਿੰਘ ਵਾਸੀ ਤਲਵੰਡੀ ਸਾਬੋ ਨੇ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਤੋਂ ਦੋ ਮੋਬਾਇਲ ਖੋਹ ਲਏ।
ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਕਥਿਤ ਮੁਲਜ਼ਮਾਂ ਦੀ ਤਲਾਸ਼ ਵਿਚ ਲੱਗ ਗਈ ਸੀ ਅਤੇ ਅੱਜ ਏ.ਐਸ.ਆਈ ਗੁਰਜੰਟ ਸਿੰਘ ਨੇ ਜਗਜੋਤ ਸਿੰਘ ਤੇ ਰਾਜਵੀਰ ਸਿੰਘ ਰਾਜੂ ਨੂੰ ਪੁਖਤਾ ਸੂਚਨਾ ਦੇ ਆਧਾਰ 'ਤੇ ਮੋਟਰਸਾਈਕਲ 'ਤੇ ਜਾਂਦਿਆਂ ਕਾਬੂ ਕਰ ਲਿਆ ਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਬੀਤੇ ਦਿਨ ਖੋਹੇ ਗਏ ਦੋਵੇਂ ਮੋਬਾਇਲ, ਦੋ ਪਿਸਤੌਲ 12 ਬੋਰ ਸਮੇਤ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਡੀ.ਐਸ.ਪੀ ਗਿੱਲ ਅਨੁਸਾਰ ਉਕਤ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਵਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਬਾਰੇ ਪਤਾ ਲਾਇਆ ਜਾ ਸਕੇ।