ਚੰਨੋ ਹੱਤਿਆਕਾਂਡ ਦਾ ਪੈਰੋਲ ਜੰਪ ਕਰਨ ਵਾਲੇ ਮੁੱਖ ਦੋਸ਼ੀ ਪਿਪਲੀ ਵਲੋਂ ਆਤਮ ਸਮਰਪਣ

Tuesday, Aug 08, 2017 - 07:27 AM (IST)

ਲੁਧਿਆਣਾ, (ਪੰਕਜ)- ਮਹਾਨਗਰ ਦੇ ਚਰਚਿਤ ਚੰਨੋ ਰਾਣੀ ਹੱਤਿਆਕਾਂਡ 'ਚ ਨਾਮਜ਼ਦ ਮੁੱਖ ਦੋਸ਼ੀ ਅਮਰੀਕ ਸਿੰਘ ਪਿਪਲੀ ਜੋ ਕਿ ਜੇਲ ਤੋਂ ਪੈਰੋਲ 'ਤੇ ਆ ਕੇ ਛੁੱਟੀ ਖਤਮ ਹੋਣ ਤੋਂ ਬਾਅਦ ਵਾਪਸ ਨਹੀਂ ਪਹੁੰਚਿਆ ਸੀ, ਦੇ ਵੱਲੋਂ ਪੁਲਸ ਸਾਹਮਣੇ ਆਤਮ ਸਮਰਪਣ ਦੀ ਖ਼ਬਰ ਹੈ। 
ਲਗਭਗ 7 ਸਾਲ ਕਿਲਾ ਮੁਹੱਲਾ ਦੀ ਰਹਿਣ ਵਾਲੀ ਚੰਨੋ ਦਾ ਇਸੇ ਮੁਹੱਲੇ ਦੇ ਰਹਿਣ ਵਾਲੇ ਅਮਰੀਕ ਸਿੰਘ ਪਿਪਲੀ ਅਤੇ ਕਾਕਾ ਡੇਰੀ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ, ਇਸ ਹੱਤਿਆਕਾਂਡ 'ਚ ਥਾਣਾ ਦਰੇਸੀ ਦੀ ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਦੇ ਕਹਿਣ 'ਤੇ ਦੋਵਾਂ ਤੋਂ ਇਲਾਵਾ ਪਿਪਲੀ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਦੋਸ਼ੀਆਂ ਨੂੰ ਜੇਲ ਭੇਜਿਆ ਸੀ, ਕੁਝ ਮਹੀਨੇ ਪਹਿਲਾਂ ਜੇਲ ਤੋਂ ਪੈਰੋਲ 'ਤੇ ਆਉਣ ਦੇ ਬਾਅਦ ਅਮਰੀਕ ਪਿਪਲੀ ਛੁੱਟੀ ਖਤਮ ਹੋਣ ਦੇ ਬਾਅਦ ਵੀ ਵਾਪਸ ਨਹੀਂ ਗਿਆ ਸੀ, ਜਿਸ ਦੇ ਬਾਅਦ ਪੁਲਸ ਨਿਰੰਤਰ ਉਸਦੀ ਤਲਾਸ਼ ਕਰ ਰਹੀ ਸੀ।
ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਨੇ ਪਰਿਵਾਰ ਦੇ ਦਬਾਅ 'ਚ ਬੀਤੇ ਰੋਜ਼ ਪੁਲਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ, ਹਾਲਾਂਕਿ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ।
ਕਈ ਹਨ ਪੈਰੋਲ ਤੋਂ ਫਰਾਰ 
ਆਰ. ਟੀ. ਆਈ. ਐਕਟੀਵਿਸਟ ਰਵੀ ਸ਼ਰਮਾ ਵੱਲੋਂ ਪੰਜਾਬ ਭਰ ਦੀਆਂ ਜੇਲਾਂ ਤੋਂ ਪੈਰੋਲ 'ਤੇ ਫਰਾਰ ਹੋਣ ਵਾਲੇ ਕੈਦੀਆਂ ਸਬੰਧੀ ਆਰ. ਟੀ. ਆਈ. 'ਚ ਮੰਗੀ ਸੂਚਨਾ ਦਾ ਜਵਾਬ ਹੈਰਾਨ ਕਰ ਦੇਣ ਵਾਲਾ ਸੀ, ਜੇਲ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਜੇਲਾਂ ਤੋਂ ਪੈਰੋਲ ਜੰਪ ਕਰਨ ਵਾਲੇ ਨਸ਼ਾ ਸਮੱਗਲਿੰਗ ਦੇ ਦੋਸ਼ਾਂ 'ਚ ਉਮਰ ਕੈਦ ਅਤੇ ਹੋਰ ਲੰਮੀਆਂ ਸਜ਼ਾਵਾਂ ਅਦਾਲਤ ਵੱਲੋਂ ਸੁਣਾਈਆਂ ਜਾ ਚੁੱਕੀਆਂ ਸੀ, ਦੂਜੇ ਨੰਬਰ 'ਤੇ ਹੱਤਿਆ, ਇਰਾਦਾ ਕਤਲ 'ਚ ਅਦਾਲਤ ਤੋਂ ਸਜ਼ਾ ਪਾ ਚੁੱਕੇ ਕੈਦੀ ਹਨ। ਮੁੱਖ ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ ਅਤੇ ਜਲੰਧਰ ਦੀਆਂ ਜੇਲਾਂ ਤੋਂ ਫਰਾਰ ਕੈਦੀ ਹਨ, ਜਿਨ੍ਹਾਂ ਦੀ ਪੁਲਸ ਵਿਭਾਗ ਪੀ. ਓ. ਵਿੰਗ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ।
ਜ਼ਮਾਨਤ ਦੇਣ ਵਾਲੇ ਦੀਆਂ ਕੁਰਕ ਹੋ ਚੁੱਕੀਆਂ ਪ੍ਰਾਪਰਟੀਆਂ 
ਆਰ. ਟੀ. ਆਈ. 'ਚ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਹਰਕਤ 'ਚ ਆਏ ਡਿਪਟੀ ਕਮਿਸ਼ਨਰ ਦਫਤਰ ਨੇ ਪੈਰੋਲ ਜੰਪ ਕਰਨ ਵਾਲੇ ਕੈਦੀਆਂ ਦੀ ਜ਼ਮਾਨਤ ਦੇਣ ਵਾਲੇ ਕਈ ਜ਼ਮਾਨਤੀਆਂ ਦੀਆਂ ਪ੍ਰਾਪਰਟੀਆਂ ਕੇਸ 'ਚ ਅਟੈਚ ਕਰ ਕੇ ਕੁਰਕੀ ਦੇ ਆਦੇਸ਼ ਜਾਰੀ ਕਰ ਚੁੱਕੇ ਹਨ।


Related News