ਪਿੱਪਲਾਂਵਾਲਾ ਵਾਸੀਆਂ ਵੱਲੋਂ ਛੱਪੜ ਬੰਦ ਕਰਵਾਉਣ ਲਈ ਰੋਸ ਵਿਖਾਵਾ

08/05/2018 12:25:33 AM

ਹੁਸ਼ਿਆਰਪੁਰ, (ਘੁੰਮਣ)- ਪਿੱਪਲਾਂਵਾਲਾ ਦੇ ਵਾਰਡ ਨੰਬਰ 20 ਤੇ 21 ਦੀ ਰਿਹਾੲਿਸ਼ੀ ਅਾਬਾਦੀ ਵਿਚਕਾਰ ਸਥਿਤ ਛੱਪੜ ਨੂੰ ਬੰਦ ਕਰਵਾਉਣ ਲਈ ਸਥਾਨਕ ਵਸਨੀਕਾਂ ਵੱਲੋਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਖੁਸ਼ੀ ਰਾਮ ਗਰਗ ਅਤੇ ਬੱਗਾ ਰਾਮ ਦੀ ਅਗਵਾਈ ਵਿਚ ਰੋਸ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀਆਂ ਨੇ ਕਿਹਾ ਕਿ ਉਕਤ ਗੰਦਾ ਅਤੇ ਸੀਵਰੇਜ ਦੇ ਪਾਣੀ ਨਾਲ ਭਰਿਆ ਛੱਪਡ਼ ਮੱਖੀਆਂ-ਮੱਛਰਾਂ ਅਤੇ ਬਦਬੂ ਦੀ ਨਰਸਰੀ ਬਣ ਗਿਆ ਹੈ। ਇਸ ਵਿਚ  ਪੈਦਾ ਹੋ ਰਹੀਆਂ ਮੱਖੀਆਂ, ਮੱਛਰ ਅਤੇ ਛੱਪਡ਼ ਕਾਰਨ ਬੀਮਾਰੀਆਂ ਫੈਲਣ ਤੋਂ ਇਲਾਵਾ ਨੇਡ਼ਲੇ ਘਰਾਂ ਵਿਚ ਪਹੁੰਚ ਰਹੀ ਸਲ੍ਹਾਭ ਕਾਰਨ ਘਰਾਂ ਦੀ ਹਾਲਤ ਖਸਤਾ ਹੋਈ ਜਾ  ਰਹੀ  ਹੈ  ਪਰ ਨਗਰ ਨਿਗਮ ਅਧਿਕਾਰੀਆਂ ਨੇ ਇਸ ਵੱਲੋਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਧੀਮਾਨ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਦੀਆਂ ਅਣਗਹਿਲੀਆਂ ਕਾਰਨ ਪਹਿਲਾਂ ਹੀ ਸ਼ਹਿਰ ਵਿਚ ਹੈਜ਼ਾ ਫੈਲਿਆ ਹੋਇਆ ਹੈ ਅਤੇ ਹੁਣ ਇਸ ਛੱਪਡ਼ ਕਾਰਨ ਪਿੱਪਲਾਂਵਾਲਾ ਵਿਚ ਭਿਆਨਕ ਬੀਮਾਰੀਆਂ ਫੈਲਣ ਦੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਸ਼ਹਿਰ ਅੰਦਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਸਰਕਾਰ ਦੇ ਨਿਯਮਾਂ ਅਨੁਸਾਰ ਸੀਵਰੇਜ ਦੇ ਪਾਣੀ ਨੂੰ ਇਸ ਤਰ੍ਹਾਂ ਛੱਪਡ਼ਾਂ ਤੇ ਨਾਲੀਆਂ ਵਿਚ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ ਅਤੇ ਗੰਦੇ ਪਾਣੀ ਨੂੰ ਧਰਤੀ ਵਿਚ ਜਾਣ ਤੋਂ ਵੀ ਰੋਕਣਾ ਹੁੰਦਾ ਹੈ ਪਰ ਇਸ ਵੱਲ ਧਿਆਨ ਨਾ ਦੇ ਕੇ ਸਰਕਾਰ ਖੁਦ ਵੱਲੋਂ ਬਣਾਏ ਨਿਯਮ ਤੋਡ਼ਦੀ ਵੀ ਆਪ ਹੀ ਹੈ। ਵਿਖਾਵਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਛੱਪਡ਼ ਨੂੰ ਬੰਦ ਕਰ ਕੇ ਉਥੇ ਇਕ ਕਮਿਊਨਿਟੀ ਸੈਂਟਰ ਅਤੇ ਪਾਰਕ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਅੰਦੋਲਨ ਨੂੰ ਜਾਰੀ ਰੱਖਿਆ ਜਾਵੇਗਾ। ਇਸ ਸਬੰਧੀ  ਜਲਦ 11 ਮੈਂਬਰੀ ਕਮੇਟੀ ਬਣਾ ਕੇ ਦਸਤਖਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਸੁਖਵਿੰਦਰ ਸਿੰਘ, ਪਰਸ਼ੋਤਮ, ਗੁਰਨੇਕ ਸਿੰਘ, ਹਰਦੇਵ ਸਿੰਘ, ਦਵਿੰਦਰ ਕੁਮਾਰ, ਜਸਪਾਲ ਗਰਗ, ਜੋਗਿੰਦਰ ਪਾਲ, ਸਤਪਾਲ ਕੁਮਾਰ,  ਚਰਨਜੀਤ ਕੌਰ ਆਦਿ ਸਮੇਤ ਵੱਡੀ ਗਿਣਤੀ ’ਚ ਵਾਰਡ ਵਾਸੀ ਹਾਜ਼ਰ ਸਨ।