ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪਿੱਟ-ਸਿਆਪਾ

07/24/2017 6:41:30 AM

ਭਕਨਾ ਕਲਾਂ,  (ਜਸਬੀਰ)-   ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਤੇ ਜ਼ੋਨ ਪ੍ਰਧਾਨ ਗੁਰਵਿੰਦਰ ਸਿੰਘ ਭਰੋਭਾਲ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਦਾ ਵੱਡਾ ਇਕੱਠ ਦਵਿੰਦਰ ਸਿੰਘ ਬਾਸਰਕੇ ਤੇ ਸੁਖਦੇਵ ਸਿੰਘ ਹਵੇਲੀਆਂ ਦੀ ਪ੍ਰਧਾਨਗੀ ਹੇਠ ਪਿੰਡ ਲੱਧੇਵਾਲ ਦੀਆਂ ਹਵੇਲੀਆਂ ਬਾਬਾ ਬਗੇਲ ਸਿੰਘ ਸ਼ਹੀਦ ਦੇ ਗੁਰਦੁਆਰੇ 'ਚ ਹੋਇਆ, ਜਿਸ ਵਿਚ ਦਰਜਨਾਂ ਪਿੰਡਾਂ ਦੇ ਆਗੂ ਸ਼ਾਮਿਲ ਹੋਏ ਤੇ ਮੌਜੂਦਾ ਪੰਜਾਬ ਸਰਕਾਰ ਜੋ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ, ਦੇ ਵਿਰੁੱਧ ਆਗੂਆਂ ਨੇ ਆਪਣੇ ਵਿਚਾਰ ਰੱਖੇ ਤੇ ਸਰਕਾਰ ਦਾ ਪੁਤਲਾ ਬਣਾ ਕੇ ਵੱਖ-ਵੱਖ ਪਿੰਡਾਂ 'ਚ ਲਿਜਾਣ ਤੋਂ ਬਾਅਦ ਮੇਨ ਰੋਡ 'ਤੇ ਫੂਕ ਕੇ ਪਿੱਟ-ਸਿਆਪਾ ਕੀਤਾ। ਆਗੂਆਂ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿਚ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ।
ਇਸ ਮੌਕੇ ਪ੍ਰਧਾਨ ਭਰੋਭਾਲ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੀ 3 ਅਗਸਤ ਨੂੰ ਕਿਸਾਨਾਂ ਦੀਆਂ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਚੀਫ ਬਾਰਡਰ ਰੇਂਜ ਪਾਵਰਕਾਮ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਸਬੰਧੀ ਆਗੂਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਇਸ ਮੌਕੇ ਲਖਵਿੰਦਰ ਸਿੰਘ, ਜੋਗਾ ਸਿੰਘ ਖਾਰੇ, ਬਾਬਾ ਅਮਰ ਸਿੰਘ, ਗੁਰਵੇਲ ਸਿੰਘ ਹਵੇਲੀਆਂ, ਮੁਖਵਿੰਦਰ ਸਿੰਘ ਕੋਲੋਵਾਲ, ਜਗਰੂਪ ਸਿੰਘ, ਪਾਲ ਸਿੰਘ, ਪੂਰਨ ਸਿੰਘ, ਬਲਵਿੰਦਰ ਸਿੰਘ ਕਾਉਂਕੇ, ਸੁਖਵੰਤ ਸਿੰਘ ਨੱਥੂਪੁਰਾ, ਜਸਬੀਰ ਸਿੰਘ ਮਾਲੂਵਾਲ, ਜਗਦੀਸ਼ ਸਿੰਘ, ਕਾਬਲ ਸਿੰਘ, ਕੁਲਵਿੰਦਰ ਸਿੰਘ ਸਰਕਾਰੀਆ, ਪ੍ਰਭ ਨੱਥੂਪੁਰਾ ਆਦਿ ਆਗੂ ਹਾਜ਼ਰ ਸਨ।