ਅਣਹੋਣੀ ਘਟਨਾ ਦੇ ਇੰਤਜ਼ਾਰ ''ਚ 3 ਜ਼ਿਲਿਆਂ ਨੂੰ ਜੋੜਨ ਵਾਲੀ ਡੱਲਾ ਪੁਲੀ

12/20/2017 7:41:59 AM

ਸੁਲਤਾਨਪੁਰ ਲੋਧੀ, (ਜੋਸ਼ੀ)- 3 ਜ਼ਿਲਿਆਂ ਨੂੰ ਮਿਲਾਉਣ ਵਾਲੀ ਸੁਲਤਾਨਪੁਰ ਲੋਧੀ ਤੋਂ ਇਤਿਹਾਸਕ ਪਿੰਡ ਡੱਲਾ ਨੂੰ ਜੋੜਨ ਵਾਲੀ ਪੁਲੀ ਦੀ ਹਾਲਤ ਇੰਨੀ ਖਸਤਾ ਹੈ ਕਿ ਗੱਡੀਆਂ ਆਮਣੇ-ਸਾਹਮਣੇ  ਪੁਲੀ ਤੋਂ ਲੰਘਣ ਦੌਰਾਨ ਟਕਰਾਅ ਸਕਦੀਆਂ ਹਨ ਤੇ ਕਦੀ ਵੀ ਵੱਡੀ ਅਣਹੋਣੀ ਘਟਨਾ ਹੋ ਸਕਦੀ ਹੈ।
ਪਿੰਡ ਡੱਲਾ 'ਚ ਐੱਨ. ਆਰ. ਆਈ. ਨਰੇਸ਼ ਛੁਰਾ ਤੇ ਪੰਜਾਬ ਹਰਿਆਣਾ ਸੀਮੈਂਟ ਯੂਨੀਅਨ ਦੇ ਪ੍ਰਧਾਨ ਰਾਕੇਸ਼ ਛੁਰਾ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਐੱਨ .ਆਰ. ਆਈਜ਼ ਤੋਂ ਸਹਿਯੋਗ ਮੰਗ ਰਹੀ ਹੈ, ਉਥੇ ਐੱਨ. ਆਰ. ਆਈਜ਼ ਵਲੋਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਨੌਜਵਾਨਾਂ ਲਈ ਪੂਰੇ ਤਨ, ਮਨ ਤੇ ਧਨ ਤੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਨ, ਉਸ ਵੱਲ ਨਾ ਤਾਂ ਸੂਬਾ ਸਰਕਾਰ ਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ।
ਨਹੀਂ ਹੈ ਪੁਲੀ ਦੇ ਦੋਵੇਂ ਪਾਸਿਓਂ ਕੋਈ ਸਪੋਰਟ
ਉਨ੍ਹਾਂ ਦੱਸਿਆ ਕਿ ਪੁਲੀ ਦੇ ਦੋਵੇਂ ਪਾਸੇ ਕੋਈ ਸਪੋਰਟ ਨਹੀਂ ਹੈ, ਜੇਕਰ ਕੋਈ ਅਣਹੋਣੀ ਘਟਨਾ ਹੁੰਦੀ ਹੈ ਤਾਂ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਸ ਦੌਰਾਨ ਪਿੰਡ ਵਾਸੀਆਂ, ਸਕੂਲਾਂ ਦੇ ਮੁਖੀਆਂ, ਵਪਾਰੀਆਂ ਤੇ ਕਰਮਚਾਰੀਆਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕਿਸੇ ਅਣਹੋਣੀ ਘਟਨਾ ਦੇ ਇੰਤਜ਼ਾਰ 'ਚ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੁਲੀ ਦੇ ਦੋਵੇਂ ਪਾਸੇ ਜੰਗਲੇ ਲਗਾਏ ਜਾਣ ਤਾਂਕਿ ਕਿਸੇ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਸਰਪੰਚ ਸੁਖਚੈਨ ਸਿੰਘ, ਕੁਲਦੀਪ ਚੰਦ ਛੁਰਾ, ਜਗੀਰ ਸਿੰਘ ਮੈਂਬਰ ਪੰਚਾਇਤ, ਧਰਮਪਾਲ, ਰਾਕੇਸ਼ ਛੁਰਾ, ਚਰਨ ਦਾਸ, ਵੀ. ਕੇ. ਅਰੋੜਾ, ਮੇਵਾ ਸਿੰਘ ਐੱਨ. ਆਰ. ਆਈ. ਤੇ ਹੋਰ ਹਾਜ਼ਰ ਸਨ।