ਸ੍ਰੀ ਹੇਮਕੁੰਟ ਸਾਹਿਬ ''ਚ ਲਾਪਤਾ ਹੋਏ ਸ਼ਰਧਾਲੂਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਪੰਜਾਬ ਸਰਕਾਰ : ਮਜੀਠੀਆ

07/19/2017 6:35:42 PM

ਚੌਕ ਮਹਿਤਾ (ਕੈਪਟਨ) : ਬੀਤੇ ਦਿਨੀਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਸ਼ਰਧਾਲੂਆਂ ਦੇ ਲਾਪਤਾ ਹੋਣ 'ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਮਹਿਤਾ ਪੁੱਜੇ, ਉਨ੍ਹਾਂ ਇਸ ਦਰਦਨਾਕ ਘਟਨਾ ਨੂੰ ਬੇਹੱਦ ਦੁੱਖਦਾਈ ਦੱਸਿਆ। ਮਜੀਠੀਆ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਨਿੱਜੀ ਤੌਰ 'ਤੇ ਮਿਲ ਕੇ ਇਸ ਘਟਨਾ ਸਬੰਧੀ ਪੁੱਖਤਾ ਸਬੂਤਾਂ ਸਮੇਤ ਸਾਰੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਜਾਵੇਗੀ। ਮਜੀਠੀਆ ਨੇ ਪੰਜਾਬ ਸਰਕਾਰ ਨੂੰ ਲਾਪਤਾ ਸ਼ਰਧਾਲੂਆਂ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਦੱਸਿਆ, ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਮਰਨਾਥ ਯਾਤਰਾ ਦੌਰਾਨ ਗੁਜਰਾਤ ਦੇ ਸ਼ਰਧਾਲੂਆਂ ਨਾਲ ਵਾਪਰੇ ਹਾਦਸੇ ਦੌਰਾਨ ਸੂਬਾ ਸਰਕਾਰ ਵੱਲੋਂ ਪੀੜਤਾਂ ਦੀ ਸਹਾਇਤਾ ਲਈ ਪਹਿਲ ਕਦਮੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੇ ਬਾਸ਼ਿੰਦਿਆਂ ਦੇ ਦੁੱਖ ਤਕਲੀਫ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ।
ਇਸ ਸਮੇਂ ਪੁੱਜੇ ਐੱਸ.ਡੀ.ਐੱਮ ਬਾਬਾ ਬਕਾਲਾ ਤੇਜਦੀਪ ਸਿੰਘ ਸੈਣੀ, ਡੀ.ਐੱਸ.ਪੀ ਜੰਡਿਆਲਾ ਜੀ.ਐੱਸ ਸਹੋਤਾ ਤੇ ਤਹਿਸੀਲਦਾਰ ਬਾਬਾ ਬਕਾਲਾ ਬਲਜਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਡੀ.ਸੀ. ਕਮਲਦੀਪ ਸਿੰਘ ਸੰਘਾ (ਅੰਮ੍ਰਿਤਸਰ) ਲਗਾਤਾਰ ਉੱਤਰਾਖੰਡ ਦੇ ਪ੍ਰਸ਼ਾਸਨ ਦੇ ਸੰਪਰਕ ਵਿਚ ਹਨ, ਕੋਈ ਵੀ ਜਾਣਕਾਰੀ ਮਿਲਣ 'ਤੇ ਪਰਿਵਾਰਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਬਾਬਾ ਸੁਖਵੰਤ ਸਿੰਘ ਚੰਨਣਕੇ, ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ, ਜਥੇ. ਰਾਜਬੀਰ ਸਿੰਘ ਉਦੋਨੰਗਲ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਚੇਅਰਮੈਨ ਗੁਰਮੀਤ ਸਿੰਘ ਖੱਬੇਰਾਜਪੂਤਾਂ ਤੇ ਸੁਖਵਿੰਦਰ ਸਿੰਘ ਮਹਿਤਾ, ਪ੍ਰਧਾਨ ਜਤਿੰਦਰ ਸਿੰਘ ਲੱਧਾਮੁੰਡਾ, ਪ੍ਰਧਾਨ ਹਰਜਿੰਦਰ ਸਿੰਘ ਨੰਗਲੀ ਆਦਿ ਹਾਜ਼ਰ ਸਨ।