ਸ਼ਹਿਰ ''ਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

07/04/2018 4:57:33 AM

ਸੁਲਤਾਨਪੁਰ ਲੋਧੀ, (ਅਸ਼ਵਨੀ)- ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਅੰਦਰ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ।  'ਜਗ ਬਾਣੀ' ਵੱਲੋਂ ਸ਼ਹਿਰ ਦਾ ਦੌਰਾ ਕਰਨ 'ਤੇ ਰੇਲਵੇ ਰੋਡ 'ਤੇ ਸਥਿਤ ਇਕ ਮੰਦਰ ਨੂੰ ਜਾਂਦੀ ਗਲੀ ਤੋਂ ਇਲਾਵਾ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ, ਸਿੰਘ ਭਵਾਨੀ ਮੰਦਰ ਲਾਗੇ ਤੇ ਨਗਰ ਕੌਂਸਲ ਤੋਂ ਕੁਝ ਹੀ ਦੂਰੀ ਆਦਿ ਥਾਵਾਂ 'ਤੇ ਕੂੜੇ ਦੇ ਲੱਗੇ ਵੱਡੇ-ਵੱਡੇ ਦੇ ਢੇਰ ਨਜ਼ਰ ਆਏੇ।  ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਹਿਰ ਵਾਸੀਆਂ ਨੂੰ ਸਿਹਤ ਸਹੂਲਤਾਂ ਵੰਡਣ ਵਾਲੇ ਸਰਕਾਰੀ ਹਸਪਤਾਲ ਨੂੰ ਨਹੀਂ ਬਖਸ਼ਿਆ ਜਾ ਰਿਹਾ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਸਪਤਾਲ ਅੰਦਰ ਨੇੜਲੇ ਮੁਹੱਲਾ ਵਾਸੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੂੜੇ ਦੇ ਭਰੇ ਲਿਫਾਫੇ ਸੁੱਟ ਕੇ ਗੰਦ ਪਾਇਆ ਜਾ ਰਿਹਾ ਹੈ। ਇਸ ਸਬੰਧੀ ਨਗਰ ਕੌਂਸਲ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਸਪਤਾਲ ਦੇ ਸ਼ਹਿਰ ਵਾਲੇ ਗੇਟ ਅੰਦਰ ਲੱਗੇ ਗੰਦਗੀ ਦੇ ਢੇਰ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਪ੍ਰਸ਼ਾਸਨ ਲੋਕਾਂ ਵੱਲੋਂ ਸੁੱਟੇ ਜਾ ਰਹੇ ਕੂੜੇ ਦੇ ਲਿਫਾਫੇ ਆਦਿ ਨੂੰ ਰੋਕਣ 'ਚ ਨਾਕਾਮ ਹੈ।

 ਇਸ ਸਬੰਧੀ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸ਼ਹਿਰ ਦੀ ਸਫਾਈ ਨੂੰ ਲੈ ਕੇ ਨਗਰ ਕੌਂਸਲ ਨੂੰ ਕਈ ਵਾਰ ਬੇਨਤੀਆਂ ਕਰ ਚੁੱਕੇ ਹਾਂ ਪਰ ਸਥਿਤੀ ਦਾ ਕੋਈ ਵੀ ਜਾਇਜ਼ਾ ਲੈਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਤਿਹਾਸਕ ਤੇ ਧਾਰਮਕ ਮਹਤੱਤਾ ਵਾਲੇ ਸ਼ਹਿਰ ਸੁਲਤਾਨਪੁਰ ਲੋਧੀ ਦੇ ਧਾਰਮਕ ਅਸਥਾਨਾਂ ਨੂੰ ਜਾਂਦੇ ਰਾਹਾਂ 'ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਰਾਹਗੀਰਾਂ ਤੇ ਸ਼ਰਧਾਲੂਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰਾ ਕੁਝ ਜਾਣਦੇ ਹੋਏ ਵੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਅੰਦਰ ਲੱਗੇ ਕੂੜੇ ਦੇ ਢੇਰ ਜਲਦ ਤੋਂ ਜਲਦ ਚੁਕਵਾਏ ਜਾਣ। 
ਕੀ ਕਹਿਣੈ ਈ. ਓ. ਦਾ?
ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਤੇਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ 'ਚ ਲੱਗੇ ਕੂੜੇ ਦੇ ਢੇਰ ਜਲਦ ਚੁਕਵਾ ਦਿੱਤੇ ਜਾਣਗੇ। ਜਦੋਂ ਉਨ੍ਹਾਂ ਤੋਂ ਸਰਕਾਰੀ ਹਸਪਤਾਲ 'ਚ ਲੱਗੇ ਕੂੜੇ ਦੇ ਢੇਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸਮੱਸਿਆ ਮੇਰੇ ਧਿਆਨ 'ਚ ਨਹੀਂ ਸੀ। ਹੁਣ ਮੌਕੇ ਦਾ ਜਾਇਜ਼ਾ ਲੈ ਕੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਤੇ ਹਸਪਤਾਲ 'ਚ ਕੂੜਾ ਸੁੱਟਣ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।