ਸ਼ਿਵ ਸੈਨਿਕਾਂ ਨੇ ਸਿੱਧੂ ਦੀ ਤਸਵੀਰ ’ਤੇ ‘ਸ਼ੈਤਾਨ’ ਲਿਖ ਕੇ ਫੂਕਿਆ

08/21/2018 5:40:58 AM

 ਕਪੂਰਥਲਾ,   (ਜ. ਬ)-  ਸ਼ਿਵ ਸੈਨਾ (ਬਾਲ ਠਾਕਰੇ) ਦੀ ਇਕ ਵਿਸ਼ੇਸ਼ ਟੀਮ ਵੱਲੋਂ ਸ਼ਿਵ ਸੈਨਾ ਆਗੂ ਰਜਿੰਦਰ ਵਰਮਾ, ਸੁਨੀਲ ਸਹਿਗਲ, ਧਰਮਿੰਦਰ ਕਾਕਾ, ਯੋਗੇਸ਼ ਸੋਨੀ ਤੇ ਇੰਦਰਪਾਲ ਦੀ ਅਗਵਾਈ ’ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਹੋਣ, ਉਨ੍ਹਾਂ ਨੂੰ ਦੁਸ਼ਾਲਾ ਭੇਟ ਕਰਨ, ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਨੂੰ ‘ਜੱਫੀ’ ਪਾਉਣ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਰਾਸ਼ਟਰਪਤੀ ਮਸੂਦ ਖਾਨ ਦੇ ਨਾਲ ਬੈਠਣ ’ਤੇ ਭਾਰਤ ਵਾਪਸ ਪਰਤਣ ’ਤੇ ਪਾਕਿਸਤਾਨ ਦੀ ਸ਼ਲਾਘਾ ਕਰਨ ਦੇ ਵਿਰੁੱਧ ਸ਼੍ਰੀ ਭੈਰੋਂ ਮੰਦਿਰ ਦੇ ਸਾਹਮਣੇ ਤਿੱਖਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਸ਼ਿਵ ਸੈਨਿਕਾਂ ਵੱਲੋਂ ਸਿੱਧੂ ਦੀ ਤਸਵੀਰ ’ਤੇ ‘ਸ਼ੈਤਾਨ’ ਲਿਖ ਕੇ ਉਸਨੂੰ ਫੂਕਿਆ ਗਿਆ। ਇਸ ਮੌਕੇ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਕਿਹਾ ਕਿ ਇਕ ਪਾਸੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਾਕਿਸਤਾਨ ਸਰਕਾਰ, ਆਰਮੀ ਤੇ ਅੱਤਵਾਦੀਆਂ ਆਦਿ ਵੱਲੋਂ ਇੱਕਮੁੱਠ ਹੋ ਕੇ ਦੇਸ਼ ਖਾਸਕਰ ਜੰਮੂ-ਕਸ਼ਮੀਰ ’ਚ ਹਰ ਰੋਜ਼ ਆਮ ਲੋਕਾਂ ਤੋਂ ਲੈ ਕੇ ਸੁਰੱਖਿਆ ਜਵਾਨਾਂ ਤਕ ਨੂੰ ਸ਼ਹੀਦ ਕੀਤਾ ਜਾਂਦਾ ਹੋਵੇ, ਉੱਥੇ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਹੋ ਕੇ ਉਕਤ ਹਰਕਤਾਂ ਕਰਨਾ ਕਿਥੇ ਦੀ ਬੁੱਧੀਮਤਾ, ਦੇਸ਼ ਭਗਤੀ ਤੇ ਮਾਨਵਤਾ ਹੈ? ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਇਮਰਾਨ ਖਾਨ ਦੇ ਨਾਲ ਆਪਣੀ ਦੋਸਤੀ ਨਿਭਾਉਣ ਦੇ ਲਈ ਦੇਸ਼ ਦੀ ਆਨ, ਬਾਨ ਤੇ ਸ਼ਾਨ ਨੂੰ ਦਾਅ ’ਤੇ ਲਗਾਉਣਾ ਬਹੁਤ ਨਿੰਦਣਯੋਗ ਹੀ ਨਹੀਂ, ਸਗੋਂ ਸ਼ਰਮਨਾਕ ਵੀ ਹੈ।  ਇਸ ਮੌਕੇ ਸ਼ਿਵ ਸੈਨਾ ਆਗੂ ਲਵਲੇਸ਼ ਢੀਂਗਰਾ, ਰਜਿੰਦਰ ਕੋਹਲੀ, ਮੁਨੀ ਲਾਲ ਕਨੌਜੀਆ, ਬਲਵੀਰ (ਡੀ. ਸੀ.), ਰਾਜੇਸ਼ ਕਨੌਜੀਆ (ਸ਼ੇਖੂਪੁਰ), ਕੌਡੇ ਸ਼ਾਹ, ਦੀਪਕ ਵਿਗ, ਹਰਦੇਵ ਰਾਜਪੂਤ, ਸੰਜੀਵ ਖੰਨਾ, ਮੁਕੇਸ਼ ਕਸ਼ਯਪ, ਸੰਜੈ ਵਿਗ, ਬਲਵਿੰਦਰ ਭੰਡਾਰੀ, ਦੀਵਾਨ ਚੰਦ ਕਨੌਜੀਆ, ਕਰਨ ਜੰਗੀ  ਤੇ  ਹੋਰ ਹਾਜ਼ਰ ਸਨ।