ਮਾਰੀ ਗਈ ਪ੍ਰਵਾਸੀ ਔਰਤ ਤੇ ਉਸਦੇ ਪਤੀ ਦੀ ਤਸਵੀਰ ਮਿਲੀ

01/24/2018 7:51:13 AM

ਜਲੰਧਰ, (ਪ੍ਰੀਤ, ਸੁਧੀਰ)- ਨਾਗਰਾ ਪਿੰਡ ਵਿਚ ਮਾਰੀ ਗਈ ਪ੍ਰਵਾਸੀ ਔਰਤ ਪੂਨਮ ਤੇ ਉਸਦੇ ਪਤੀ ਦੀ ਤਸਵੀਰ ਪੁਲਸ ਨੂੰ ਮਿਲ ਗਈ ਹੈ। ਔਰਤ ਦੇ ਪਤੀ ਦਾ ਨਾਂ ਰਿਤੇਸ਼ ਦੱਸਿਆ ਗਿਆ ਹੈ। ਦੋ ਦਿਨ ਦੀ ਦੌੜ-ਭੱਜ ਤੋਂ ਬਾਅਦ ਪੁਲਸ ਨੂੰ ਤਸਵੀਰ ਮਿਲੀ ਹੈ। ਪੁਲਸ ਨੇ ਤਸਵੀਰਾਂ ਜਾਰੀ ਕਰ ਕੇ ਸ਼ੱਕੀ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ। 
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਨਾਗਰਾ ਪਿੰਡ ਦੇ ਕੁਆਰਟਰਾਂ ਵਿਚ ਔਰਤ ਪੂਨਮ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਸੀ। ਦੋ ਦਿਨ ਤਕ ਪੁਲਸ ਨੇ ਕਾਫੀ ਸਿਰ-ਖਪਾਈ ਕੀਤੀ ਪਰ ਮ੍ਰਿਤਕਾ ਦੇ ਪਤੀ ਦਾ ਨਾਂ ਤਕ ਪਤਾ ਨਹੀਂ ਲੱਗ ਸਕਿਆ। ਪੁਲਸ ਕੁਆਰਟਰਾਂ ਦੇ ਕੇਅਰ ਟੇਕਰ ਜੁਗਿੰਦਰ ਦੀ ਭਾਲ ਕਰਦੀ ਰਹੀ। ਪੁਲਸ ਟੀਮ ਨੂੰ ਅੱਜ ਇਕ ਮੋਬਾਇਲਾਂ ਦੀ ਦੁਕਾਨ ਦੀ ਸੀ. ਸੀ. ਟੀ. ਵੀ. ਫੁਟੇਜ 'ਚੋਂ ਮ੍ਰਿਤਕ ਔਰਤ ਪੂਨਮ ਤੇ ਉਸਦੇ ਪਤੀ ਰਿਤੇਸ਼ ਵਾਸੀ ਮੁਜ਼ੱਫਰਾਬਾਦ ਦੀ ਤਸਵੀਰ ਮਿਲ ਗਈ। ਪੁਲਸ ਨੇ ਤਸਵੀਰ ਜਾਰੀ ਕਰ ਕੇ ਰਿਤੇਸ਼ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ। 
ਕੁਝ ਦਿਨ ਪਹਿਲਾਂ ਖਰੀਦਿਆ ਸੀ ਮੋਬਾਇਲ, ਉਥੋਂ ਹੀ ਮਿਲੀ ਸੀ. ਸੀ. ਟੀ. ਵੀ. ਫੁਟੇਜ
ਸੂਤਰਾਂ ਮੁਤਾਬਿਕ ਮੌਕੇ ਤੋਂ ਪੁਲਸ ਨੂੰ ਅਰੋੜਾ ਮੋਬਾਇਲ ਸ਼ਾਪ ਦਾ ਕਾਰਡ ਮਿਲਿਆ ਤੇ ਨਵੇਂ ਮੋਬਾਇਲ ਦਾ ਡੱਬਾ ਮਿਲਿਆ। ਪੁਲਸ ਵਿਜ਼ਿਟਿੰਗ ਕਾਰਡ ਦੇ ਆਧਾਰ 'ਤੇ ਤੁਰੰਤ ਅਰੋੜਾ ਮੋਬਾਇਲ ਸ਼ਾਪ 'ਤੇ ਪਹੁੰਚੀ। ਉਸਨੂੰ ਮੋਬਾਇਲ ਦਾ ਡੱਬਾ ਵਿਖਾਇਆ ਗਿਆ। ਆਈ. ਈ. ਐੱਮ. ਆਈ. ਨੰਬਰ ਤੇ ਰਿਕਾਰਡ ਚੈੱਕ ਕਰਨ ਤੋਂ ਬਾਅਦ ਦੁਕਾਨਦਾਰ ਨੇ ਦੱਸਿਆ ਕਿ ਉਕਤ ਮੋਬਾਇਲ ਦਾ ਬਿੱਲ ਪੂਨਮ ਪਤਨੀ ਰਿਤੇਸ਼ ਵਾਸੀ ਮੁਜ਼ੱਫਰਾਬਾਦ ਦੇ ਨਾਂ 'ਤੇ ਕੱਟਿਆ ਗਿਆ ਹੈ। ਜਿਸ ਡੇਟ ਦੀ ਮੋਬਾਇਲ ਬਿੰਲਿੰਗ ਹੋਈ ਹੈ, ਪੁਲਸ ਨੇ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਉਸ ਡੇਟ ਦੀ ਵੀਡੀਓ ਫੁਟੇਜ ਕੱਢਵਾਈ ਜਿਸ ਵਿਚ ਪੂਨਮ ਤੇ ਰਿਤੇਸ਼ ਦੀਆਂ ਤਸਵੀਰਾਂ ਮਿਲੀਆਂ। ਪੁਲਸ ਹੁਣ ਉਕਤ ਮੋਬਾਇਲ ਦੇ ਆਈ. ਈ. ਐੱਮ. ਆਈ. ਨੰਬਰ ਦੀ ਵੀ ਸਰਚ  ਕਰਵਾ ਕੇ ਸ਼ੱਕੀ ਮੁਲਜ਼ਮ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।