ਫੂਲਕਾ ਦਾ ਅਸਤੀਫਾ ਲਟਕਣ ਦੇ ਅਾਸਾਰ!

10/19/2018 9:28:17 AM

ਲੁਧਿਆਣਾ, (ਮੁੱਲਾਂਪੁਰੀ)-ਵਿਧਾਇਕ ਫੂਲਕਾ ਦਾ ਅਸਤੀਫਾ ਪ੍ਰਵਾਨ ਹੋਣ ਦੀ  ਬਜਾਏ ਲਟਕ ਸਕਦਾ ਹੈ ਕਿਉਂਕਿ ਅਸਤੀਫੇ ਦੀ ਕਾਪੀ ‘ਤੇ ਕਈ ਗੁੰਝਲਦਾਰ ਸ਼ਬਦ ਤੇ ਮੰਤਰੀਆਂ ਦੇ  ਨਾਂ ਵੀ ਲਿਖੇ ਹੋਏ ਦੱਸੇ ਜਾ ਰਹੇ ਹਨ। ਇਸ ਲਈ ਇਹ ਅਸਤੀਫਾ ਭਾਵੇਂ ਦਿੱਤੇ ਨੂੰ 5  ਦਿਨ ਹੋ ਗਏ ਹਨ ਪਰ ਛੁੱਟੀਆਂ ਹੋਣ ਕਰ ਕੇ ਇਹ ਹੋਰ ਲਟਕ ਸਕਦਾ ਹੈ।  ਜਦੋਂ ਅਸਤੀਫੇ  ਅਤੇ ਉਨ੍ਹਾਂ ਦੇ ਸਿਆਸੀ ਭਵਿੱਖ ਸਬੰਧੀ ਹਰਵਿੰਦਰ ਸਿੰਘ ਫੂਲਕਾ ਨਾਲ ਗੱਲ ਕਰਨੀ ਚਾਹੀ ਤਾਂ  ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।


ਇਸ ਅਸਤੀਫੇ ਦੇ ਪ੍ਰਵਾਨ ਹੋਣ ਜਾਂ ਨਾ ਹੋਣ ਸਬੰਧੀ   ਜਦੋਂ ਸਾਬਕਾ ਡਿਪਟੀ ਸਪੀਕਰ  ਬੀਰ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ. ਫੂਲਕਾ ਪਡ਼੍ਹੇ-ਲਿਖੇ, ਕਾਬਲ, ਸੁਪਰੀਮ ਕੋਰਟ ਦੇ ਵਕੀਲ ਹਨ। ਉਨ੍ਹਾਂ ਨੂੰ ਪਤਾ ਹੈ  ਕਿ ਅਸਤੀਫੇ ਵਿਚ ਕੀ ਲਿਖਣਾ  ਹੈ ਤਾਂ ਜੋ ਪ੍ਰਵਾਨ ਹੋ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ  ਤਾਂ ਇੰਝ ਲਗਦਾ ਹੈ ਕਿ ਉਨ੍ਹਾਂ ਨੇ ਸਿਆਸੀ ਹਲਕਿਆਂ ‘ਚ ਚਰਚਾ ਕਰਵਾਉਣ ਲਈ ਇਹ ਅਧੂਰਾ  ਅਸਤੀਫਾ ਦੇ ਕੇ ਇਕ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ, ਜਦੋਂ ਕਿ ਫੂਲਕਾ ਦੇ ਅਸਤੀਫਾ ਦੇਣ  ਦੀ ਖ਼ਬਰ ਨੇ ਹਲਕਾ ਦਾਖਾ ਵਿਚ ਛੋਟੇ ਤੇ ਵੱਡੇ ਕਾਂਗਰਸੀ ਆਗੂਆਂ ਨੂੰ ਚੋਣ ਲਡ਼ਨ ਲਈ ਕਸਰਤ  ਕਰਨ ਲਈ ਲਾ ਦਿੱਤਾ ਹੈ।