ਘਰ ''ਚ ਚੱਲ ਰਹੀਆਂ ਸੀ ਵਿਆਹ ਦੀਆਂ ਤਿਆਰੀਆਂ, ਵਿਦੇਸ਼ ''ਚ ਹੋ ਗਿਆ ਪੁੱਤ ਦਾ ਕਤਲ (ਤਸਵੀਰਾਂ)

08/24/2016 12:41:23 PM

ਫਗਵਾੜਾ (ਜਲੋਟਾ)- ਫਿਲਪੀਨਸ ਦੀ ਰਾਜਧਾਨੀ ਮਨੀਲਾ ''ਚ ਅਣਪਛਾਤੇ ਹੱਤਿਆਰਿਆਂ ਵਲੋਂ ਫਗਵਾੜਾ ਦੇ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਨਿਰੰਜਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਕਤ ਘਟਨਾ ਤੋਂ ਬਾਅਦ ਫਗਵਾੜਾ ਦੇ ਹਦਿਆਬਾਦ ਇਲਾਕੇ ''ਚ ਸਥਿਤ ਗ੍ਰੀਨਲੈਂਡ ਕਾਲੋਨੀ ''ਚ ਮਾਤਮ ਛਾਇਆ ਹੋਇਆ ਹੈ। ਇਹ ਕੋਹਰਾਮ ਮ੍ਰਿਤਕ ਸੁਖਵਿੰਦਰ ਸਿੰਘ ਦੇ ਘਰ ''ਚ ਮਚਿਆ ਹੋਇਆ ਹੈ। ਉਸਦੀ ਮਾਂ ਗੁਰਬਖਸ਼ ਕੌਰ ਤੇ ਉਸਦੀਆਂ ਭੈਣਾਂ ਅਮਨਦੀਪ ਕੌਰ ਤੇ ਰਮਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਘਰ ਦਾ ''ਚਿਰਾਗ'' ਸੀ। ਉਹ ਆਪਣੀ ਮਾਂ ਦਾ ਇਲਕੌਤਾ ਪੁੱਤਰ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੀ ਮੌਤ ਦੀ ਖਬਰ ਸੁਣਨ ਦੇ ਬਾਅਦ ਵੀ ਕਿਸੇ ਨੂੰ ਇਹ ਯਕੀਨ ਨਹੀਂ ਆ ਰਿਹਾ ਹੈ ਕਿ ਉਹ ਮਨੀਲਾ ''ਚ ਮੌਤ ਦੀ ਗਹਿਰੀ ਨੀਂਦ ਸੌਂ ਚੁੱਕਾ ਹੈ।
''ਜਗ ਬਾਣੀ'' ਨਾਲ ਗੱਲਬਾਤ ਦੌਰਾਨ ਮ੍ਰਿਤਕ ਦੀ ਮਾਂ ਗੁਰਬਖਸ਼ ਕੌਰ ਤੇ ਭੈਣਾਂ ਅਮਨਦੀਪ ਕੌਰ ਅਤੇ ਰਮਿੰਦਰ ਕੌਰ ਜਿਨ੍ਹਾਂ ਦੀਆਂ ਅੱਖਾਂ ਤੋਂ ਹੰਝੂ ਰੋਕਦੇ ਨਹੀਂ ਰੁਕ ਰਹੇ ਸਨ, ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸੁਖਵਿੰਦਰ ਸਿੰਘ ਨੂੰ ਮਨੀਲਾ ''ਚ ਕਿਸ ਨੇ ਅਤੇ ਕਿਉਂ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਉਥੇ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ। ਉਹ 2011 ''ਚ ਉਥੇ ਪੰਜਾਬ ਤੋਂ ਟਰੈਵਲ ਏਜੰਟ ਰਾਹੀਂ ਗਿਆ ਸੀ। ਉਸਦੇ ਬਾਅਦ ਉਹ ਉਥੇ ਬੇਹੱਦ ਖੁਸ਼ ਸੀ। ਗੁਰਬਖਸ਼ ਕੌਰ ਨੇ ਕਿਹਾ ਕਿ ਉਸਦੀ ਆਪਣੇ ਲਾਡਲੇ ਪੁੱਤਰ ਨਾਲ ਹੱਤਿਆ ਤੋਂ ਸਿਰਫ ਇਕ ਦਿਨ ਪਹਿਲਾਂ ਮੋਬਾਇਲ ''ਤੇ ਲੰਬੀ ਗੱਲ ਹੋਈ ਸੀ। ਉਸਨੇ ਕਦੀ ਵੀ ਉਸ ਨੂੰ ਇਹ ਸ਼ੱਕ ਨਹੀਂ ਜਤਾਇਆ ਸੀ ਕਿ ਉਸ ਨੂੰ ਮਨੀਲਾ ''ਚ ਆਪਣੀ ਜਾਨ ਦਾ ਖਤਰਾ ਹੈ। ਹੁਣ ਉਨ੍ਹਾਂ ਦੀ ਇਹ ਹੀ ਇਕ ਮਾਤਰ ਇੱਛਾ ਹੈ ਕਿ ਭਾਰਤ ਸਰਕਾਰ ਉਸਦੇ ਇਕਲੌਤੇ ਪੁੱਤਰ ਸੁਖਵਿੰਦਰ ਸਿੰਘ ਦੀ ਲਾਸ਼ ਮਨੀਲਾ ਤੋਂ ਫਗਵਾੜਾ ਤੱਕ ਪਹੁੰਚਾ ਦੇਵੇ।  
ਤੁਹਾਨੂੰ ਦੱਸ ਦਈਏ ਕਿ ਸੁਖਵਿੰਦਰ ਸਿੰਘ ਦੀ ਇਕ ਮਹੀਨੇ ਪਹਿਲਾਂ ਪਹਿਲਾਂ ਜਲੰਧਰ ਦੀ ਲੜਕੀ ਨਾਲ ਵਿਆਹ ਤੈਅ ਹੋਇਆ ਸੀ। ਅਗਲੇ ਮਹੀਨੇ ਵਿਆਹ ਦੀ ਤਾਰੀਕ ਪੱਕੀ ਹੋਣੀ ਸੀ, ਜਿਸ ਦੇ ਚੱਲਦੇ ਪਰਿਵਾਰ ਵਾਲੇ ਵਿਆਹ ਦੀਆਂ ਤਿਆਰੀਆਂ ਅਤੇ ਸ਼ਾਪਿੰਗ ਕਰ ਰਹੇ ਸਨ। ਉਥੇ ਹੀ ਜਦੋਂ ਇਸ ਘਟਨਾ ਦੀ ਸੂਚਨਾ ਲੜਕੀ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ''ਤੇ ਵੀ ਦੁੱਖਾਂ ਦਾ ਪਹਾੜ ਟੁੱਟ ਗਿਆ। ਦੁੱਖਾਂ ''ਚ ਡੁੱਬੇ ਪਰਿਵਾਰ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਧਿਕਾਰਕ ਤੌਰ ''ਤੇ ਫਿਲਪੀਨਸ ਸਰਕਾਰ ਦੇ ਸਾਹਮਣੇ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਦਾ ਮਾਮਲਾ ਪ੍ਰਮੁੱਖਤਾ ਨਾਲ ਚੁੱਕਣ ਅਤੇ ਜੋ ਵੀ ਦੋਸ਼ੀ ਹੱਤਿਆਰੇ ਹੋਣ ਉਨ੍ਹਾਂ ਦੀ ਪੁਲਸ ਗ੍ਰਿਫਤਾਰੀ ਕਰਵਾ ਉਨ੍ਹਾਂ ਨੂੰ ਸਖਤ ਸਜ਼ਾ ਦਿਵਾਉਣ।

Gurminder Singh

This news is Content Editor Gurminder Singh