ਫਗਵਾੜਾ ਹਿੰਸਾ ਮਾਮਲੇ ''ਚ ਗ੍ਰਿਫਤਾਰ ਕੀਤਾ ਦਲਿਤ ਆਗੂ ਬਰੀ

05/02/2018 12:45:52 PM

ਫਗਵਾੜਾ (ਜਲੋਟਾ, ਹਰਜੋਤ)— ਬੀਤੇ ਦਿਨੀਂ ਫਗਵਾੜਾ 'ਚ ਹੋਈ ਹਿੰਸਾ ਦੌਰਾਨ ਪੁਲਸ ਵੱਲੋਂ ਘਰ 'ਚ ਦਾਖਲ ਹੋ ਕੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸੋਮਵਾਰ ਗ੍ਰਿਫਤਾਰ ਕੀਤੇ ਗਏ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਦੇ ਪ੍ਰਧਾਨ ਹਰਭਜਨ ਸੁਮਨ ਨੂੰ ਮੰਗਲਵਾਰ ਬਰੀ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਹਰਭਜਨ ਸੁਮਨ ਨੂੰ ਅਦਾਲਤ 'ਚ ਪੇਸ਼ ਕਰਕੇ 14 ਦਿਨਾਂ ਦੀ ਹਿਰਾਸਤ 'ਚ ਲਿਆ ਗਿਆ ਸੀ। ਜਿਸ ਦੇ ਚੱਲਦਿਆਂ ਹਰਭਜਨ ਸੁਮਨ ਦੇ ਵਕੀਲ ਨੇ ਉਸ ਦੀ ਜ਼ਮਾਨਤ ਅਰਜ਼ੀ ਅਦਾਲਤ 'ਚ ਲਗਾਈ ਸੀ। ਇਸ ਮਾਮਲੇ 'ਚ ਮੰਗਲਵਾਰ ਅਦਾਲਤ ਵੱਲੋਂ ਹਰਭਜਨ ਨੂੰ ਸਬੂਤਾਂ ਦੀ ਘਾਟ ਦੇ ਕਰਕੇ ਬਰੀ ਕਰ ਦਿੱਤਾ ਗਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਅਦਾਲਤ 'ਚ ਬਿਆਨ ਦਿੱਤਾ ਕਿ ਉਸ ਦੇ ਕੇਸ 'ਚ ਕੋਈ ਪੁਖਤਾ ਸਬੂਤ ਨਹੀਂ ਹਨ। ਪੁਲਸ ਦੀ ਗਵਾਹੀ ਨੂੰ ਦੇਖਦੇ ਹੋਏ ਹਰਭਜਨ ਸੁਮਨ ਨੂੰ ਅਦਾਲਤ ਨੇ ਬਰੀ ਕਰ ਦਿੱਤਾ। 


'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਪੁਲਸ ਦੇ ਐੱਸ. ਪੀ. ਪੀ. ਐੱਸ. ਭੰਡਾਲ ਨੇ ਇਸ ਦੀ ਆਧਿਕਾਰਕ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੋਮਵਾਰ ਦਲਿਤ ਸੰਗਠਨਾਂ ਨੇ ਮਾਮਲੇ ਸਬੰਧੀ ਦੁਬਾਰਾ ਪੁਲਸ ਜਾਂਚ ਕਰਨ ਦੀ ਮੰਗ ਰੱਖੀ ਸੀ। ਪੁਲਸ ਅਧਿਕਾਰੀਆਂ ਵੱਲੋਂ ਪੁਲਸ ਥਾਣਾ ਸਿਟੀ 'ਚ ਰਜਿਸਟਰਡ ਹੋਏ ਕੁੱਟਮਾਰ ਸਬੰਧੀ ਪੁਲਸ ਕੇਸ ਦੀ ਜਦੋਂ ਦੋਬਾਰਾ ਜਾਂਚ ਕੀਤੀ ਗਈ ਤਾਂ ਸ਼ਿਕਾਇਤਕਰਤਾ ਪਵਨ ਕੁਮਾਰ ਪੁੱਤਰ ਗੁਰਦਿਆਲ ਸ਼ਰਨ ਵਾਸੀ ਗਲੀ ਨੰਬਰ 6, ਜਗਤਰਾਮ ਸੂੰਢ ਕਾਲੋਨੀ, ਹੁਸ਼ਿਆਰਪੁਰ ਰੋੜ ਫਗਵਾੜਾ ਨੇ ਖੁਲਾਸਾ ਕੀਤਾ ਕਿ ਉਸ ਦੇ ਨਾਲ ਕੁੱਟ-ਮਾਰ ਕਰਨ ਵਾਲਿਆਂ 'ਚ ਹਰਭਜਨ ਸੁਮਨ ਸ਼ਾਮਲ ਨਹੀਂ ਸੀ। ਐੱਸ. ਪੀ. ਭੰਡਾਲ ਨੇ ਕਿਹਾ ਕਿ ਸ਼ਿਕਾਇਤਕਰਤਾ ਪਵਨ ਕੁਮਾਰ ਦੇ ਪੁਲਸ ਨੂੰ ਦਰਜ ਕਰਵਾਏ ਗਏ ਆਧਿਕਾਰਕ ਬਿਆਨ ਨੂੰ ਆਧਾਰ ਬਣਾ ਕੇ ਪੁਲਸ ਨੇ ਸਾਰੀ ਰਿਪੋਰਟ ਮਾਣਯੋਗ ਅਦਾਲਤ 'ਚ ਪੇਸ਼ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਜੇਲ ਤੋਂ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇਸ ਦੌਰਾਨ ਹਰਭਜਨ ਸੁਮਨ ਨੂੰ ਮੰਗਲਵਾਰ ਸ਼ਾਮ ਕਪੂਰਥਲਾ ਸਥਿਤ ਮਾਡਰਨ ਜੇਲ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮੌਕੇ ਕਪੂਰਥਲਾ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਜਰਨੈਲ ਨੰਗਲ, ਯਸ਼ ਬਰਨਾ ਆਦਿ ਹੋਰ ਦਲਿਤ ਸੰਗਠਨਾਂ ਦੇ ਆਗੂ ਹਰਭਜਨ ਸੁਮਨ ਨੂੰ ਜੇਲ ਕੰਪਲੈਕਸ ਤੋਂ ਬਾਹਰ ਆਉਣ 'ਤੇ ਆਪਣੇ ਨਾਲ ਫਗਵਾੜਾ ਲੈ ਆਏ। ਇਸ ਦੌਰਾਨ ਜਰਨੈਲ ਨੰਗਲ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਹੈ ਕਿ ਬੀਤੇ ਦਿਨੀਂ ਸੀਨੀਅਰ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਮਾਮਲੇ ਦੀ ਪਹਿਲ ਦੇ ਆਧਾਰ 'ਤੇ ਜਾਂਚ ਕਰਨਗੇ ਅਤੇ ਉਕਤ ਜਾਂਚ 'ਚ ਸੁਮਨ 'ਤੇ ਦੋਸ਼ ਸਾਬਤ ਨਹੀਂ ਹੋਏ। ਜਰਨੈਲ ਨੰਗਲ ਨੇ ਕਿਹਾ ਹੈ ਕਿ ਉਹ ਦਲਿਤ ਹਿੱਤਾਂ ਨੂੰ ਲੈ ਕੇ ਅਮਨ-ਸ਼ਾਂਤੀ ਨਾਲ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਜਾਰੀ ਰੱਖਣਗੇ ।