ਫਗਵਾੜਾ: ਕ੍ਰਾਸਿੰਗ ਲਾਈਨਾਂ 'ਤੇ ਟੁੱਟੀਆਂ ਬਿਜਲੀ ਦੀਆਂ ਤਾਰਾਂ ਨੇ ਰੋਕੀਆਂ ਰੇਲਾਂ

02/10/2020 12:23:41 PM

ਫਗਵਾੜਾ (ਜਲੋਟਾ)—ਫਗਵਾੜਾ ਰੇਲਵੇ ਸਟੇਸ਼ਨ 'ਤੇ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਸਤਨਾਮਪੁਰ ਕ੍ਰਾਸਿੰਗ ਕੋਲ ਹਾਈਵੋਲਟੇਜ ਦੀਆਂ ਤਾਰਾਂ 'ਚ ਤਕੀਨੀਕ ਖਰਾਬੀ ਆਉਣ ਕਰਕੇ ਤਾਰਾਂ ਟੁੱਟ ਗਈਆਂ। ਇਸ ਦੌਰਾਨ ਜਲੰਧਰ ਵੱਲ ਆਉਣ ਵਾਲੀ ਰੇਲਵੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਨਵਾਂਸ਼ਹਿਰ ਤੋਂ ਜਲੰਧਰ ਵੱਲ ਜਾਣ ਵਾਲੀ ਗੱਡੀ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਪ੍ਰਸ਼ਾਸਨ ਵੱਲੋਂ ਕੁਝ ਟਰੇਨਾਂ ਨੂੰ ਹੌਲੀ ਹਫਤਾਰ ਦੇ ਨਾਲ ਉਥੋਂ ਲੰਘਾਇਆ ਜਾ ਰਿਹਾ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਤਾਰਾਂ ਦੇ ਟੁੱਟਣ ਦੀ ਜਾਂਚ ਕਰਵਾਈ ਜਾ ਰਹੀ ਹੈ।

ਸਟੇਸ਼ਨ ਮਾਸਟਰ ਗਿਆਨ ਚੰਦ ਨੇ ਦੱਸਿਆ ਕਿ ਜੇਜੋਂ ਜਲੰਧਰ ਟ੍ਰੇਨ ਨੂੰ ਫਗਵਾੜਾ ਵਿਖੇ ਰੱਦ ਕਰ ਦਿੱਤਾ ਗਿਆ, ਜਦਕਿ ਵੰਦੇਭਾਰਤ ਟ੍ਰੇਨ 25 ਮਿੰਟ, ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈੱਸ 20 ਮਿੰਟ ਦੀ ਦੇਰੀ ਨਾਲ ਚੱਲੀ। ਉਨ੍ਹਾਂ ਦੱਸਿਆ ਕਿ ਸਵੇਰੇ 9.15 ਦੇ ਕਰੀਬ ਇਹ ਤਾਰ ਟੁੱਟ ਗਈ, ਜਿਸ ਕਾਰਨ ਰੇਲਵੇ ਆਵਾਜਾਈ ਬੰਦ ਹੋ ਗਈ ਅਤੇ ਰੇਲਵੇ ਵਿਭਾਗ ਦੇ ਟੈਕਨੀਸ਼ਨ ਵਿਭਾਗ ਵੱਲੋਂ ਬੜੀ ਜੱਦੋ ਜਹਿਦ ਮਗਰੋਂ ਇਸ ਨੂੰ ਰਿਪੇਅਰ ਕੀਤਾ ਗਿਆ ਅਤੇ ਇਹ ਆਵਾਜਾਈ ਮੁੜ 12.40 'ਤੇ ਆਮ ਵਾਂਗ ਬਹਾਲ ਹੋਈ। ਗਨੀਮਤ ਇਹ ਰਹੀ ਕਿ ਵੱਡਾ ਹਾਦਸਾ ਹੋਣੋ ਟੱਲ ਗਿਆ ਹੈ। 

ਪਠਾਨਕੋਟ ਦਿੱਲੀ ਟ੍ਰੇਨ 2 ਘੰਟੇ ਜਲੰਧਰ ਰੁਕੀ ਰਹੀ ਅਤੇ ਅੰਮ੍ਰਿਤਸਰ ਸ਼ਤਾਬਦੀ ਵੀ 45 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸਟੇਸ਼ਨ 'ਤੇ ਯਾਤਰੀ ਬੈਠੇ ਨਜ਼ਰ ਆਏ।

ਕਿਹੜੀਆਂ ਟ੍ਰੇਨਾਂ ਨੂੰ ਕਿੱਥੇ ਠਹਿਰਾਇਆ
ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈੱਸ ਟ੍ਰੇਨ ਨੂੰ ਗੁਰਾਇਆ, ਮੋਰੀ ਐਕਸਪ੍ਰੈੱਸ ਨੂੰ ਫ਼ਿਲੌਰ, ਵੰਦੇਮਾਤਰਮ ਨੂੰ ਲੁਧਿਆਣਾ, ਸਵਰਾਜ ਐਕਸਪ੍ਰੈੱਸ ਨੂੰ ਗੁਰਾਇਆ, ਨੰਗਲ ਡੈਮ ਅੰਮ੍ਰਿਤਸਰ ਐਕਸਪ੍ਰੈੱਸ ਨੂੰ ਗੁਰਾਇਆ, ਅਰਚਨਾ ਐਕਸਪ੍ਰੈੱਸ ਫ਼ਿਲੌਰ, ਸ਼ਤਾਬਦੀ ਐਕਸਪ੍ਰੈੱਸ ਲਾਡੋਵਾਲ, ਸ਼ਾਨ-ਏ-ਪੰਜਾਬ ਨੂੰ ਲੁਧਿਆਣਾ, ਅਮਰਪਾਲੀ ਨੂੰ ਗੁਰਾਇਆ, ਪਠਾਨਕੋਟ ਐਕਸਪ੍ਰੈੱਸ ਨੂੰ ਜਲੰਧਰ ਠਹਿਰਾਇਆ ਗਿਆ।

shivani attri

This news is Content Editor shivani attri