ਫਗਵਾੜਾ ਪੁਲਸ ਤੇ ਨਗਰ ਨਿਗਮ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ

03/25/2018 3:08:28 AM

ਫਗਵਾੜਾ,  (ਰੁਪਿੰਦਰ ਕੌਰ, ਜਲੋਟਾ)- ਕਮਿਸ਼ਨਰ ਬਖਤਾਵਰ ਸਿੰਘ ਅਤੇ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਸਮੇਤ ਪੁਲਸ ਪਾਰਟੀ ਨਗਰ ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਬੰਗਾ ਰੋਡ, ਝੱਟਕਈਆਂ ਚੌਕ, ਸਰਾਏ ਰੋਡ, ਗਊਸ਼ਾਲਾ ਬਾਜ਼ਾਰ ਵਿਖੇ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਉਨ੍ਹਾਂ ਨੇ ਸਬੰਧਿਤ ਲੋਕਾਂ ਜਿਨ੍ਹਾਂ 'ਚ ਰੇਹੜੀ ਚਾਲਕ, ਦੁਕਾਨਦਾਰ ਆਦਿ ਸ਼ਾਮਲ ਹਨ, ਨੂੰ ਸਖਤ ਚਿਤਾਵਨੀ ਦਿੱਤੀ ਕਿ ਉਹ ਬਾਜ਼ਾਰਾਂ 'ਚ ਟ੍ਰੈਫਿਕ ਰੋਕ ਕੇ ਆਪਣੀਆਂ ਦੁਕਾਨਾਂ ਨਾ ਚਲਾਉਣ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਜਾਣਕਾਰੀ ਦਿੰਦੇ ਹੋਏ ਨਿਗਮ ਅਧਿਕਾਰੀਆਂ ਕੁਲਵਿੰਦਰ ਸਿੰਘ, ਨਰੇਸ਼ ਕੁਮਾਰ ਨੇ ਦੱਸਿਆ ਕਿ ਅੱਜ ਫਗਵਾੜਾ 'ਚ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ, ਡੀ. ਐੱਸ. ਪੀ. ਸੋਹਣ ਲਾਲ ਅਤੇ ਨਗਰ ਨਿਗਮ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੀਲੀ ਲਕੀਰ ਤੋਂ ਬਾਹਰ ਦੁਕਾਨਦਾਰਾਂ ਨੂੰ ਰੇਹੜੀਆਂ ਖੜ੍ਹੀਆਂ ਕਰਨ ਤੋਂ ਮਨਾ ਕੀਤਾ ਗਿਆ ਹੈ ਕਿਉਂਕਿ ਦੁਕਾਨਦਾਰ ਪੀਲੀ ਲਕੀਰ ਦੇ ਅੱਗੇ ਆ ਕੇ ਰੇਹੜੀਆਂ ਲਗਾ ਲੈਂਦੇ ਹਨ, ਜਿਸ ਨਾਲ ਆਉਣ-ਜਾਣ ਵਾਲਿਆਂ ਨੂੰ ਕਈ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟਰੈਫਿਕ 'ਚ ਵੀ ਵਿਘਨ ਪੈਂਦਾ ਹੈ। ਇਸ ਦੌਰਾਨ ਪੁਲਸ ਪਾਰਟੀ ਅਤੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਤੋਂ ਰੇਹੜੀਆਂ ਪੀਲੀ ਲਕੀਰ ਤੋਂ ਪਿੱਛੇ ਕਰਵਾਈਆਂ ਗਈਆਂ।ਇਸ ਮੌਕੇ ਨਗਰ ਨਿਗਮ ਇੰਸਪੈਕਟਰ, ਓਂਕਾਰ ਸਿੰਘ, ਨਰੇਸ਼ ਕੁਮਾਰ, ਰਾਜੇਸ਼ ਸਾਹਣੀ, ਦੀਪਕ ਕੁਮਾਰ, ਯੋਗੇਸ਼ ਕੁਮਾਰ ਅਤੇ ਸਮੂਹ ਨਗਰ ਨਿਗਮ ਕਰਮਚਾਰੀ ਅਤੇ ਪੁਲਸ ਅਧਿਕਾਰੀ ਮੌਜੂਦ ਸਨ।