ਫਗਵਾੜਾ ਬੰਦ ਦੇ ਮੁੱਦੇ 'ਤੇ ਕੈਪਟਨ ਦਾ ਟਵੀਟ, ਕਿਸੇ ਨੂੰ ਵੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ

04/14/2018 5:17:57 PM

ਫਗਵਾੜਾ(ਜਲੋਟਾ)—ਕਪੂਰਥਲਾ ਦੇ ਸ਼ਹਿਰ ਫਗਵਾੜਾ 'ਚ ਬੀਤੀ ਰਾਤ ਗੋਲ ਚੌਕ 'ਚ ਦਲਿਤ ਜਥੇਬੰਦੀਆਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਦੇ ਮਾਮਲੇ 'ਚ ਹੋਏ ਦੋ ਧਿਰਾਂ 'ਚ ਪਥਰਾਅ ਦਾ ਵਿਵਾਦ ਭੱਖ ਗਿਆ ਹੈ, ਜਿਸ ਦੇ ਕਾਰਨ ਅੱਜ ਵੀ ਫਗਵਾੜਾ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਪੂਰਾ ਫਗਵਾੜਾ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਇਸ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਚਿਤਾਵਨੀ ਦਿੱਤੀ ਹੈ ਕਿ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਲਿਖਿਆ ਕਿ ਕਿਸੇ ਵੀ ਵਿਅਕਤੀ ਨੂੰ ਪੰਜਾਬ ਦੀ ਸ਼ਾਂਤੀ ਕਿਸੇ ਵੀ ਕੀਮਤ 'ਤੇ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕੈਪਟਨ ਸਰਕਾਰ ਇਸ ਘਟਨਾ 'ਚ ਜ਼ਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚ ਚੁੱਕੇਗੀ। ਉਥੇ ਹੀ ਪੰਜਾਬ ਸਰਕਾਰ ਵੱਲੋਂ ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਇਨ੍ਹਾਂ 4 ਜ਼ਿਲਿਆਂ 'ਚ ਇੰਟਰਨੈੱਟ ਸੇਵਾਵਾਂ 24 ਘੰਟਿਆਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।


ਜ਼ਿਕਰਯੋਗ ਹੈ ਕਿ ਬੀਤੀ ਰਾਤ ਗੋਲ ਚੌਕ 'ਚ ਦਲਿਤ ਜਥੇਬੰਦੀਆਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਦੇ ਮਾਮਲੇ 'ਚ ਹੋਏ ਪਥਰਾਅ ਦੇ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ ਜਦਕਿ 6 ਸਕੂਟਰ ਅਤੇ ਇਕ ਕਾਰ ਦੀ ਭੰਨਤੋੜ ਕੀਤੀ ਗਈ। ਦਲਿਤ ਜਥੇਬੰਦੀਆਂ ਵੱਲੋਂ ਬੋਰਡ ਲਗਾਉਣ ਦੇ ਮੌਕੇ ਸ਼ਿਵਸੈਨਾ ਸਮੇਤ ਕਈ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਸਨ। ਵਿਗੜੀ ਸਥਿਤੀ ਨੂੰ ਦੇਖਦੇ ਹੋਏ ਫਗਵਾੜਾ 'ਚ ਭਾਰੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ ਹੈ।