ਸਟਾਫ ਦੀ ਘਾਟ ਕਾਰਨ ਪੀ. ਜੀ. ਆਈ. ਪਰੇਸ਼ਾਨ, 50 ਤੋਂ ਜ਼ਿਆਦਾ ਨਰਸਿੰਗ ਕਰਮੀਆਂ ਨੇ ਦਿੱਤੇ ਅਸਤੀਫੇ

09/19/2017 9:44:57 AM

ਚੰਡੀਗੜ੍ਹ (ਰਵੀ) : ਚੰਗੀ ਨੌਕਰੀ ਤੇ ਬਿਹਤਰ ਸੰਸਥਾ ਮਿਲਦੇ ਹੀ ਕਰਮਚਾਰੀ ਇਕ ਤੋਂ ਦੂਜੀ ਥਾਂ ਸ਼ਿਫਟ ਹੋ ਜਾਂਦਾ ਹੈ ਪਰ ਪੀ. ਜੀ. ਆਈ. 'ਚ ਮੌਜੂਦ ਨਰਸਿੰਗ ਸਟਾਫ ਚਾਹੁੰਦੇ ਹੋਏ ਵੀ ਅਜਿਹਾ ਨਹੀਂ ਕਰ ਸਕਿਆ ਹੈ। ਸੂਤਰਾਂ ਅਨੁਸਾਰ ਪੀ. ਜੀ. ਆਈ. 'ਚ ਨਰਸਿੰਗ ਅਹੁਦੇ 'ਤੇ ਤਾਇਨਾਤ 50 ਦੇ ਲਗਭਗ ਕਰਮਚਾਰੀਆਂ ਨੇ ਪਿਛਲੇ ਇਕ ਮਹੀਨੇ ਤੋਂ ਅਸਤੀਫੇ ਦਿੱਤੇ ਹੋਏ ਹਨ, ਇਸਦੇ ਬਾਵਜੂਦ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰਿਲੀਵਿੰਗ ਪੱਤਰ ਨਹੀਂ ਦਿੱਤਾ ਜਾ ਰਿਹਾ ਹੈ। ਨਿਯਮ ਕਹਿੰਦੇ ਹਨ ਕਿ ਜੇ ਕਿਸੇ ਕਰਮਚਾਰੀ ਨੂੰ ਸੰਸਥਾ ਛੱਡਣੀ ਹੈ ਤਾਂ ਉਸ ਨੂੰ ਇਕ ਮਹੀਨੇ ਦਾ ਨੋਟਿਸ ਦੇਣਾ ਹੋਵੇਗਾ।
ਇਸ ਤਹਿਤ ਕਰਮੀ ਦੀ ਇਕ ਮਹੀਨੇ ਦੀ ਤਨਖਾਹ ਹੋਲਡ ਕਰ ਲਈ ਜਾਂਦੀ ਹੈ, ਜੇ ਕਰਮੀ ਨੇ 24 ਘੰਟੇ ਅੰਦਰ ਅਸਤੀਫਾ ਦੇਣਾ ਹੈ ਤਾਂ ਉਹ ਵੀ ਸਵੀਕਾਰ ਕੀਤਾ ਜਾਵੇਗਾ ਪਰ ਇਸ 'ਚ ਕਰਮੀ ਨੂੰ ਆਪਣੀ ਇਕ ਮਹੀਨੇ ਦੀ ਤਨਖਾਹ ਨਹੀਂ ਮਿਲਦੀ। ਨਰਸਿੰਗ ਸਟਾਫ ਅਨੁਸਾਰ ਤਾਂ ਕਈ ਕਰਮਚਾਰੀਆਂ ਨੇ ਇਕ ਮਹੀਨਾ ਪਹਿਲਾਂ ਹੀ ਨੋਟਿਸ ਦੇ ਦਿੱਤੇ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਹੁਣ ਤਕ ਰਿਲੀਵਿੰਗ ਪੱਤਰ ਨਹੀਂ ਦਿੱਤਾ ਜਾ ਰਿਹਾ ਹੈ, ਜਦੋਂਕਿ ਉਨ੍ਹਾਂ ਦੀ ਜੁਆਇਨਿੰਗ ਦੀ ਤਰੀਕ ਨੇੜੇ ਹੈ। ਯੂਨੀਅਨ ਦੀ ਮੰਨੀਏ ਤਾਂ ਉਹ ਪਿਛਲੇ ਕਈ ਦਿਨਾਂ ਤੋਂ ਰਿਲੀਵਿੰਗ ਪੱਤਰ ਲਈ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਟਾਫ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਰਿਲੀਵਿੰਗ ਨਹੀਂ ਦਿੱਤੀ ਜਾ ਸਕਦੀ।
ਪੀ. ਜੀ. ਆਈ. 'ਚ ਨਰਸਿੰਗ ਸਟਾਫ ਪਿਛਲੇ ਕਈ ਸਾਲਾਂ ਤੋਂ ਹੋਰ ਸਟਾਫ ਦੀ ਨਿਯੁਕਤੀ ਦੀ ਮੰਗ ਕਰ ਰਿਹਾ ਹੈ, ਤਾਂ ਕਿ ਮੌਜੂਦਾ ਸਟਾਫ 'ਤੇ ਕੰਮ ਦਾ ਬੋਝ ਘੱਟ ਹੋ ਸਕੇ। ਇਸਦੇ ਬਾਵਜੂਦ ਨਵੇਂ ਸਟਾਫ ਦੀ ਭਰਤੀ ਨਹੀਂ ਕੀਤੀ ਜਾ ਰਹੀ ਹੈ। ਪੀ. ਜੀ. ਆਈ. 'ਚ ਇਸ ਸਮੇਂ 2600 ਦੇ ਲਗਭਗ ਨਰਸਿੰਗ ਸਟਾਫ ਕੰਮ ਕਰ ਰਿਹਾ ਹੈ। ਨਰਸਾਂ ਅਨੁਸਾਰ ਤਾਂ ਉਦੋਂ ਉਨ੍ਹਾਂ ਨੇ ਨੋਟਿਸ ਦਿੱਤੇ ਸੀ, ਉਸ ਸਮੇਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਗੱਲ ਨਹੀਂ ਕਹੀ ਗਈ ਸੀ। ਇਸਦੇ ਨਾਲ ਹੀ ਸਟਾਫ ਨੇ ਦੱਸਿਆ ਕਿ 14 ਸਤੰਬਰ ਤੋਂ ਬਾਅਦ ਵਾਲਿਆਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਇੰਨੀ ਵੱਡੀ ਗਿਣਤੀ 'ਚ ਸਟਾਫ ਦਾ ਅਸਤੀਫਾ ਦੇਣਾ ਪੀ. ਜੀ. ਆਈ. ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ਐੱਨ. ਓ. ਸੀ. ਲੈਣ ਤੋਂ ਬਾਅਦ ਸਟਾਫ ਕਈ ਥਾਵਾਂ 'ਤੇ ਅਪਲਾਈ ਕੀਤਾ ਹੋਇਆ ਸੀ। ਇਸ 'ਚ ਕਈ ਕਰਮੀ ਦੱਖਣ ਭਾਰਤੀ ਸੂਬਿਆਂ, ਜੋਧਪੁਰ ਏਮਜ਼, ਦਿੱਲੀ ਏਮਜ਼ 'ਚ ਜੁਆਇਨ ਕਰ ਰਹੇ ਹਨ। ਸਟਾਫ ਅਨੁਸਾਰ ਤਾਂ ਉਨ੍ਹਾਂ 'ਚੋਂ ਕਈ ਕਰਮੀਆਂ ਦਾ ਨੋਟਿਸ ਪੀਰੀਅਡ ਵੀ ਖਤਮ ਹੋ ਚੁੱਕਾ ਹੈ, ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਕੰਮ ਕਰਨ ਲਈ ਬੋਲਿਆ ਗਿਆ ਹੈ। ਰਿਲੀਵਿੰਗ ਪੱਤਰ ਦੀ ਪ੍ਰਕਿਰਿਆ ਚੱਲ ਰਹੀ ਹੈ, ਸਟਾਫ ਦੇ ਜ਼ਰੂਰੀ ਕਾਗਜ਼ਾਂ ਨੂੰ ਜਾਂਚਿਆ ਜਾ ਰਿਹਾ ਹੈ, ਰਿਲੀਵਿੰਗ ਤੋਂ ਪਹਿਲਾਂ ਓਪਚਾਰਿਕਤਾਵਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ, ਜਿਸ 'ਚ ਕੁਝ ਸਮਾਂ ਲੱਗਦਾ ਹੈ ਪਰ ਕਿਸੇ ਨੂੰ ਰਿਲੀਵਿੰਗ ਕਰਨ ਤੋਂ ਇਨਕਾਰ ਨਹੀਂ ਕੀਤਾ ਗਿਆ।
ਪਿਛਲੇ ਸਾਲ ਕਰਨੀ ਸੀ 72 ਲੋਕਾਂ ਦੀ ਭਰਤੀ
ਪੀ. ਜੀ. ਆਈ. 'ਚ ਇੰਨੀ ਵੱਡੀ ਸੰਖਿਆ 'ਚ ਅਸਤੀਫੇ ਦੇਣ ਪਿੱਛੇ ਸਟਾਫ ਦੇ ਇਥੋਂ ਦੇ ਵਰਕਿੰਗ ਘੰਟੇ ਵੀ ਇਕ ਮੁੱਖ ਕਾਰਨ ਹਨ। ਸਟਾਫ ਅਨੁਸਾਰ ਤਾਂ ਪੂਰੇ ਦੇਸ਼ 'ਚ ਨਰਸਿੰਗ ਲਈ ਜੋ ਕੰਮ ਕਰਨ ਦਾ ਸਮਾਂ ਤੈਅ ਕੀਤਾ ਗਿਆ ਹੈ, ਉਹ ਇਥੇ ਅਪਲਾਈ ਨਹੀਂ ਕੀਤਾ ਜਾਂਦਾ ਹੈ। ਇਸ ਕਾਰਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਇਸਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਜਿਥੋਂ ਤਕ ਸਟਾਫ ਦੀ ਘਾਟ ਦਾ ਸਵਾਲ ਹੈ ਤਾਂ ਇਹ ਕਾਫੀ ਅਰਸੇ ਤੋਂ ਹੈ, ਜੇ ਇਸ ਕਾਰਨ ਰੋਕਿਆ ਜਾ ਰਿਹਾ ਹੈ ਤਾਂ ਉਹ ਸਰਾਸਰ ਗਲਤ ਹੈ। ਪਿਛਲੇ ਸਾਲ ਪੀ. ਜੀ. ਆਈ. ਨੇ 72 ਅਹੁਦਿਆਂ 'ਤੇ ਭਰਤੀ ਕਰਨੀ ਸੀ, ਜਿਸ 'ਚ ਹੁਣ ਤਕ ਸਿਰਫ 22 ਅਹੁਦੇ ਭਰੇ ਗਏ ਹਨ।
ਇਕ ਮਹੀਨੇ ਤੋਂ ਤਨਖਾਹ ਹੋਲਡ
ਨਾਮ ਨਾ ਛਾਪਣ ਦੀ ਸ਼ਰਤ 'ਤੇ ਨਰਸਿੰਗ ਕਰਮੀ ਨੇ ਦੱਸਿਆ ਕਿ ਉਹ ਇਕ ਮਹੀਨਾ ਪਹਿਲਾਂ ਹੀ ਨੋਟਿਸ ਦੇ ਚੁੱਕੇ ਹਨ। ਇਸ ਤਹਿਤ ਉਨ੍ਹਾਂ ਦਾ ਨੋਟਿਸ ਪੀਰੀਅਡ 18 ਸਤੰਬਰ ਨੂੰ ਪੂਰਾ ਹੋ ਚੁੱਕਿਆ ਹੈ, ਇਸਦੇ ਬਾਵਜੂਦ ਉਨ੍ਹਾਂ ਨੂੰ ਕੰਮ 'ਤੇ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਕੋਟਾ (ਰਾਜਸਥਾਨ) ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੀ ਜੁਆਇਨਿੰਗ ਜੋਧਪੁਰ ਏਮਜ਼ 'ਚ 26 ਸਤੰਬਰ ਨੂੰ ਹੈ ਪਰ ਹੁਣ ਤਕ ਉਨ੍ਹਾਂ ਨੂੰ ਰਿਲੀਵਿੰਗ ਪੱਤਰ ਨਹੀਂ ਮਿਲ ਰਿਹਾ ਹੈ ਤੇ ਇਕ ਮਹੀਨੇ ਦੀ ਤਨਖਾਹ ਵੀ ਹੋਲਡ ਕਰ ਲਈ ਗਈ ਹੈ।