ਦਿਨ ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਦੇ ਪੱਟ ’ਚ ਗੋਲੀ ਮਾਰ ਕੈਸ਼ ਬੈਗ ਲੁੱਟਿਆ

04/11/2021 11:17:34 PM

ਲੁਧਿਆਣਾ (ਰਾਜ) – ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਮੋਟਰਸਾਈਕਲ ’ਤੇ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਦਿਨ ਦਿਹਾੜੇ ਇਕ ਏ.ਸੀ.ਪੀ ਦੀ ਪਤਨੀ ਦੇ ਨਾਮ ’ਤੇ ਚੱਲ ਰਹੇ ਪੰਪ ਕਰਿੰਦੇ ਦੇ ਪੱਟ ’ਚ ਗੋਲੀ ਮਾਰ ਕੇ ਕੈਸ਼ ਵਾਲਾ ਬੈਗ ਲੁੱਟ ਲਿਆ। ਬੈਗ ਵਿਚ ਕੈਸ਼ ਕਿੰਨਾ ਸੀ, ਅਜੇ ਇਸਦਾ ਪਤਾ ਨਹੀਂ ਲੱਗ ਸਕਿਆ ਹੈ। ਵਾਰਦਾਤ ਵੇਲੇ ਹੋਰ ਕਰਿੰਦਿਆਂ ਨੇ ਲੁਟੇਰਿਆਂ ’ਤੇ ਇੱਟਾਂ ਪੱਥਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਲੁਟੇਰਿਆਂ ਨੇ ਬਚਾਅ ਵਿਚ ਇਕ ਤੋਂ ਬਾਅਦ ਇਕ ਲਗਭਗ ਪੰਜ ਹਵਾਈ ਫਾਇਰ ਵੀ ਕੀਤੇ ਅਤੇ ਮੋਟਰਸਾਈਕਲ ’ਤੇ ਬੈਠ ਕੇ ਆਸਾਨੀ ਨਾਲ ਫਰਾਰ ਹੋ ਗਏ। ਤਿੰਨੇ ਲੁਟੇਰਿਆਂ ਨੇ ਮੂੰਹ ’ਤੇ ਨਕਾਬ ਬੰਨ੍ਹ ਰੱਖਿਆ ਸੀ। ਦਿਨ ਦਿਹਾੜੇ ਹੋਈ ਵਾਰਦਾਤ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਸਬੰਧੀ ਸੂਚਨਾ ਕੰਟਰੋਲ ਰੂਮ ਨੂੰ ਦੇ ਦਿੱਤੀ ਗਈ।

ਇਸਦੇ ਬਾਅਦ ਜੁਆਇੰਟ ਸੀ.ਪੀ (ਰੂਰਲ) ਡਾ. ਸਚਿਨ ਗੁਪਤਾ, ਏ.ਡੀ.ਸੀ.ਪੀ (ਕਰਾਈਮ) ਰੁਪਿੰਦਰ ਕੌਰ ਭੱਟੀ, ਏ.ਸੀ.ਪੀ (ਕਰਾਈਮ -2) ਸੁਰਿੰਦਰ ਮੋਹਨ ਅਤੇ ਥਾਣਾ ਫੋਕਲ ਪੁਆਇੰਟ ਦੇ ਐੱਸ.ਐੱਚ.ਓ ਦਵਿੰਦਰ ਸ਼ਰਮਾ ਆਪਣੀ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪੁੱਜ ਗਏ। ਗੋਲੀ ਲੱਗਣ ਨਾਲ ਕਰਿੰਦਾ ਸੰਦੀਪ ਬੁਰੀ ਤਰਾਂ ਜ਼ਖਮੀ ਹੋ ਗਿਆ। ਪੁਲਸ ਨੇ ਉਸਨੂੰ ਐਂਬੂਲੈਂਸ ਵਿਚ ਇਲਾਜ ਦੇ ਲਈ ਨੇੜਲੇ ਹਸਪਤਾਲ ਪਹੁੰਚਾਇਆ। ਪੁਲਸ ਨੂੰ ਮੌਕੇ ’ਤੇ ਗੋਲੀਆਂ ਦੇ ਤਿੰਨ ਖੋਲ ਵੀ ਬਰਾਮਦ ਹੋਏ ਹਨ।
ਜਾਣਕਾਰੀ ਮੁਤਾਬਕ ਕੋਹਾੜਾ ਸਾਹਨੇਵਾਲ ਰੋਡ ’ਤੇ ਹੈ। ਇੰਡੀਅਨ ਆਇਲ ਦਾ ਪੈਟਰੋਲ ਪੰਪ ਹੈ। ਜੋ ਕਿ ਏ.ਸੀ.ਪੀ (ਇੰਡਸਟਰੀਅਲ ਏਰੀਅ ਬੀ) ਸੰਦੀਪ ਵਢੇਰਾ ਦੀ ਪਤਨੀ ਦੇ ਨਾਮ ’ਤੇ ਹੈ। ਪੈਟਰੋਲ ਪੰਪ ’ਤੇ ਸੰਦੀਪ ਸਿੰਘ ਦਾ ਨਾਮ ਦਾ ਵਰਕਰ ਕੰਮ ਕਰਦਾ ਹੈ। ਐਤਵਾਰ ਦੀ ਸ਼ਾਮ ਲਗਭਗ ਚਾਰ ਵਜੇ ਨੂੰ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਈਕਲ ਤਿੰਨ ਨੌਜਵਾਨ ਆਏ। ਜਿਨਾਂ ਨੇ ਕੱਪੜੇ ਨਾਲ ਮੂੰਹ ਢਕਿਆ ਹਇਆ ਸੀ। ਉਨਾਂ ਨੇ ਪਹਿਲਾ ਮੋਟਰਸਾਈਕਲ ਦੀ ਟੈਂਕੀ ਫੁਲ ਕਰਵਾਈ। 830 ਰਪਏ ਬਿੱਲ ਬਣਿਆ ਅਤੇ ਦੋ ਮੋਟਰਸਾਈਕਲ ਲੈ ਕੇ ਅੱਗੇ ਚੱਲੇ ਗਏ ਜਦਕਿ ਇਕ ਨੌਜਵਾਨ 2 ਹਜ਼ਾਰ ਦਾ ਨੋਟ ਦੇ ਕੇ ਬਕਾਇਆ ਲੈਣ ਲਈ ਖੜਾ ਹੋ ਗਿਆ। ਇਸ ਦੌਰਾਨ ਨੌਜਵਾਨ ਨੇ ਆਪਣੋ ਕੋਲ ਰੱਖੀ ਰਿਵਾਲਵਰ ਕੱਢ ਕੇ ਵਰਕਰ ਸੰਦੀਪ ਸਿੰਘ ’ਤੇ ਤਾਣ ਦਿੱਤੀ ਅਤੇ ਕੈਸ਼ ਦੀ ਮੰਗ ਕਰਨ ਲੱਗਾ। ਜਦ ਸੰਦੀਪ ਨੇ ਵਿਰੋਧ ਕੀਤਾ ਤਾਂ ਨੌਜਵਾਨ ਨੇ ਉਸ ’ਤੇ ਸਿੱਧੀ ਗੋਲੀ ਚਲਾ ਦਿੱਤੀ ਜੋ ਕਿ ਉਸਦੇ ਪੱਟ ਵਿਚ ਜਾ ਲੱਗੀ।

ਜਿਸ ਨਾਲ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਲੁਟੇਰਿਆਂ ਨੇ ਵਰਕਰ ਤੋਂ ਕੈਸ਼ ਵਾਲਾ ਬੈਗ ਖੋਹ ਲਿਆ। ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਬਾਕੀ ਦੇ ਕਰਿੰਦੇ ਅੱਗੇ ਆਏ। ਇਸ ਦੌਰਾਨ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜ ਰਹੇ ਸੀ ਤਾਂ ਬਾਕੀ ਕਰਿੰਦਿਆਂ ਨੇ ਲੁਟੇਰਿਆਂ ਨੂੰ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਉਨਾਂ ਨੂੰ ਡਰਾਉਣ ਦੇ ਲਈ ਲੁਟੇਰਿਆਂ ਨੇ ਇਕ ਇਕ ਕਰਕੇ ਚਾਰ ਹੋਰ ਗੋਲੀਆਂ ਹਵਾ ਵਿਚ ਫਾਇਰ ਕੀਤੇ। ਜਿਸਦੇ ਬਾਅਦ ਡਰਦੇ ਹੋਏ ਕਰਿੰਦੇ ਉਥੇ ਰੁਕ ਗਏ ਅਤੇ ਮੁਲਜ਼ਮ ਭੱਜ ਨਿਕਲੇ।
ਸੀ.ਸੀ.ਟੀ.ਵੀ ਕੈਮਰੇ ’ਚ ਕੈਦ
ਪੈਟਰੋਲ ਪੰਪ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ। ਇਸ ਲਈ ਮੋਟਰਸਾਈਕਲ ਤਿੰਨੇ ਲੁਟੇਰਿਆਂ ਦੀ ਵਾਰਦਾਤ ਕੈਮਰੇ ਵਿਚ ਕੈਦ ਹੋ ਗਈ ਹੈ।
ਬਕਾਇਆ ਮੰਗਣ ਦੇ ਬਹਾਨੇ ਖੋਹਿਆ ਕੈਸ਼ ਵਾਲਾ ਬੈਗ :
ਜ਼ਖਮੀ ਸੰਦੀਪ ਦੇ ਭਰਾ ਦਵਿੰਦਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਤੇਲ ਪੁਆਉਣ ਦੇ ਬਾਅਦ ਦੋ ਹਜ਼ਾਰ ਰੁਪਏ ਦਿੱਤੇ ਸੀ ਜਦਕਿ ਤੇਲ 830 ਦਾ ਸੀ। ਬਕਾਇਆ ਲੈਣ ਦੇ ਬਹਾਨੇ ਮੁਲਜ਼ਮਾਂ ਨੇ ਸੰਦੀਪ ਨੂੰ ਕੈਸ਼ ਬੈਗ ਦੇਣ ਲਈ ਕਿਹਾ ਜਦ ਸੰਦੀਪ ਨੇ ਮਨਾਂ ਕੀਤਾ ਤਾਂ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ।
ਕੋਟਸ
ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨਾਂ ਨੇ ਵਾਰਦਾਤ ਕੀਤੀ ਹੈ। ਸੀ.ਸੀ.ਟੀ.ਵੀ ਫੁਟੇਜ ਮਿਲੀ ਹੈ। ਤਿੰਨਾਂ ਨੇ ਨਕਾਬ ਪਾਏ ਸੀ। ਮੌਕੇ ਤੋਂ ਤਿੰਨ ਖੋਲ ਵੀ ਮਿਲੇ ਹੈ। ਇਕ ਵਰਕਰ ਨੂੰ ਗੋਲੀ ਵੀ ਲੱਗੀ ਹੈ। ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਲਦ ਮੁਲਜ਼ਮਾਂ ਨੂੰ ਫੜ ਕੇ ਸਲਾਖਾਂ ਦੇ ਪਿਛੇ ਭੇਜ ਦਿੱਤਾ ਜਾਵੇਗਾ।

Sunny Mehra

This news is Content Editor Sunny Mehra