ਪੈਟਰੋਲ ਪੰਪ ’ਤੇ ਪਾਣੀ ਪੀਣ ਗਏ ਨੌਜਵਾਨਾਂ ਨੂੰ ਸਕਿਓਰਿਟੀ ਗਾਰਡ ਨੇ ਮਾਰੀਆਂ ਗੋਲੀਆਂ

08/07/2022 6:02:07 PM

ਮਮਦੋਟ ( ਸ਼ਰਮਾ) : ਮਮਦੋਟ ਸਥਿਤ ਪੈਟਰੋਲ ਪੰਪ ’ਤੇ ਪਾਣੀ ਪੀਣ ਆਏ ਤਿੰਨ ਨੌਜਵਾਨਾਂ ਨੂੰ ਗੋਲੀ ਮਾਰਨ ਦੇ ਦੋਸ਼ ਹੇਠ ਸਕਿਓਰਿਟੀ ਗਾਰਡ ਖ਼ਿਲਾਫ ਥਾਣਾ ਮਮਦੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮਮਦੋਟ ਵਿਖੇ ਦਿੱਤੇ ਬਿਆਨਾਂ ਵਿਚ ਜਗਸੀਰ ਸਿੰਘ ਪੁੱਤਰ ਹਰਦੀਪ ਸਿੰਘ ਪਿੰਡ ਚੱਕ ਰਾਓ ਕੇ ਹਿਠਾੜ ਨੇ ਦੱਸਿਆ ਕਿ ਉਹ ਆਪਣੇ ਭਤੀਜਿਆਂ ਜਸਕਰਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਤੇ ਮਹਿਕਦੀਪ ਪੁੱਤਰ ਪਰਮਜੀਤ ਸਿੰਘ ਪਿੰਡ ਚੱਕ ਰਾਓ ਕੇ ਹਿਠਾੜ ਨਾਲ 2 ਅਗਸਤ ਰਾਤ ਨੂੰ ਮਾਤਾ ਨਹਿਰਾਂ ਵਾਲੀ ਵਿਖੇ ਜਗਰਾਤੇ ਵੇਖਣ ਆਏ ਸਨ, ਜਿਥੇ ਉਸ ਦਾ ਭਾਣਜਾ ਪ੍ਰਿੰਸਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਸਤੀ ਫੋਜਾ ਸਿੰਘ ਮਮਦੋਟ ਵੀ ਮਿਲ ਗਿਆ ਸੀ। 

ਉਸ ਨੇ ਦੱਸਿਆ ਕਿ ਕੁਝ ਦੇਰ ਬਾਅਦ ਉਹ ਤਿੰਨੇ ਪ੍ਰਿੰਸਜੀਤ ਸਿੰਘ ਨੂੰ ਘਰ ਛੱਡਣ ਚਲੇ ਗਏ ਤਾਂ ਬਿਜਲੀ ਘਰ ਮਮਦੋਟ ਵਿਖੇ ਪੈਟਰੋਲ ਪੰਪ ਮਮਦੋਟ ਮੋਟਰਜ ਨਜ਼ਦੀਕ ਮੇਲੇ ਸਬੰਧੀ ਲੰਗਰ ਲੱਗਾ ਹੋਇਆ ਸੀ, ਜਿਥੇ ਅਸੀਂ ਲੰਗਰ ਛਕਣ ਲੱਗ ਪਏ ਤੇ ਪ੍ਰਿੰਸਜੀਤ ਸਿੰਘ ਆਪਣੇ ਘਰ ਚਲਾ ਗਿਆ, ਬਿਆਨ ਕਰਤਾ ਨੇ ਦੱਸਿਆ ਕਿ ਉਸ ਦਾ ਭਤੀਜਾ ਮਹਿਕਦੀਪ ਸਿੰਘ ਪੈਟਰੋਲ ਪੰਪ ’ਤੇ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਚਲਾ ਗਿਆ ਤਾਂ ਪੰਪ ’ਤੇ ਤਾਇਨਾਤ ਸਕਿਓਰਿਟੀ ਗਾਰਡ ਜਗਤਾਰ ਸਿੰਘ ਬਾਹਰ ਆਇਆ ਤੇ ਕਹਿਣ ਲੱਗਾ ਕਿ ਜੇਕਰ ਦੁਬਾਰਾ ਤੁਸੀਂ ਪਾਣੀ ਪੀਣ ਆਏ ਤਾਂ ਮੈਂ ਤੁਹਾਨੂੰ ਗੋਲੀ ਮਾਰ ਦੇਵਾਂਗਾ, ਉਸ ਨੇ ਦੱਸਿਆ ਕਿ ਜਦੋਂ ਅਸੀਂ ਉਥੋਂ ਜਾਣ ਲੱਗੇ ਤਾਂ ਜਗਤਾਰ ਸਿੰਘ ਨੇ ਲਲਕਾਰਾ ਮਾਰਦਿਆਂ ਉਨ੍ਹਾਂ ’ਤੇ ਦੋ ਫਾਇਰ ਕੀਤੇ ਜੋ ਉਨ੍ਹਾਂ ਦੇ ਪਿਛਲੇ ਪਾਸੇ ਲੱਗੇ। ਇਸ ਸਬੰਧੀ ਕੇਸ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਰਾਮ ਪ੍ਰਕਾਸ਼ ਨੇ ਦੱਸਿਆ ਜਗਸੀਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਚੱਕ ਰਾਉ ਕੇ ਹਿਠਾੜ ਦੇ ਬਿਆਨਾਂ ’ਤੇ ਸਕਿਓਰਿਟੀ ਗਾਰਡ ਜਗਤਾਰ ਸਿੰਘ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਫਤੀਸ਼ ਜਾਰੀ ਹੈ।

Gurminder Singh

This news is Content Editor Gurminder Singh