ਪੈਟਰੋਲ ਪੰਪ ਦੇ ਮੈਨੇਜਰ ਨੂੰ ਲੁੱਟਿਆ, 5 ਲੁਟੇਰਿਆਂ ਵਿਰੁੱਧ ਪਰਚਾ ਦਰਜ

10/14/2019 2:50:43 PM

ਗੁਰੂਹਰਸਹਾਏ (ਸੁਦੇਸ਼): ਗੁਰੂਹਰਸਹਾਏ ਅਧੀਨ ਆਉਂਦੀ ਕਰਮਦੀਨ ਦੀ ਸਮਾਧ ਕੋਲ ਬੀਤੇ ਦਿਨੀਂ 5 ਲੁਟੇਰਿਆਂ ਨੇ ਇਕ ਪੈਟਰੋਲ ਪੰਪ ਦੇ ਮੈਨੇਜਰ ਨੂੰ ਲੁੱਟ ਲਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਇਸ ਸਬੰਧ ਵਿਚ ਪੁਲਸ ਥਾਣਾ ਗੁਰੂਹਰਸਹਾਏ ਵਲੋਂ 5 ਲੁਟੇਰਿਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਭੋਲਾ ਨਾਥ ਪੁੱਤਰ ਲਾਲਤਾ ਤਿਵਾੜੀ ਵਾਸੀ ਪਿੰਡ ਮੋਹਨ ਕੇ ਉਤਾੜ ਨੇ ਦੋਸ਼ ਲਗਾਇਆ ਕਿ ਉਹ ਨਰੂਲਾ ਪੈਟਰੋਲ ਪੰਪ ਗੋਲੂ ਕਾ ਮੋੜ ਵਿਖੇ ਮੈਨੇਜਰ ਲੱਗਾ ਹੋਇਆ ਹੈ ਅਤੇ ਬੀਤੀ 9 ਅਕਤੂਬਰ ਨੂੰ ਪੈਟਰੋਲ ਪੰਪ ਤੋਂ ਕਰੀਬ 76 ਹਜ਼ਾਰ ਰੁਪਏ ਲੈ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੰਡੀ ਗੁਰੂਹਰਸਹਾਏ ਜਾ ਰਿਹਾ ਸੀ ਅਤੇ ਜਦੋਂ ਉਹ ਕਰਮਦੀਨ ਦੀ ਸਮਾਧ ਕੋਲ ਪਹੁੰਚਿਆ ਤਾਂ ਇਸ ਦੌਰਾਨ ਨਿਸ਼ਾਨ ਸਿੰਘ, ਲੱਖਾ ਸਿੰਘ, ਨੰਦਾ ਸਿੰਘ, ਸਤਨਾਮ ਚੰਦ ਅਤੇ ਸ਼ਿੰਗਾਰਾ ਸਿੰਘ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅਤੇ ਮੁੱਦਈ ਕੋਲੋਂ 76 ਹਜ਼ਾਰ ਰੁਪਏ ਤੇ ਇਕ ਮੋਬਾਈਲ ਫੋਨ ਖ਼ੋਹ ਕੇ ਫਰਾਰ ਹੋ ਗਏ। 

ਭੋਲਾ ਨਾਥ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਮੁੱਦਈ ਦੀ ਡਾਂਗਾਂ ਸੋਟਿਆ ਨਾਲ ਕੁੱਟਮਾਰ ਵੀ ਕੀਤੀ। ਭੋਲਾ ਨਾਥ ਮੁਤਾਬਿਕ ਸੱਟਾਂ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪਰਿਵਾਰ ਵਲੋਂ ਉਸ ਨੂੰ ਗੁਰੂਹਰਸਹਾਏ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਤਰਲੋਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਭੋਲਾ ਨਾਥ ਦੇ ਬਿਆਨਾਂ ਦੇ ਆਧਾਰ 'ਤੇ ਨਿਸ਼ਾਨ ਸਿੰਘ ਪੁੱਤਰ ਟਿੱਕਾ ਸਿੰਘ, ਲੱਖਾ ਸਿੰਘ ਪੁੱਤਰ ਟਿੱਕਾ ਸਿੰਘ, ਨੰਦਾ ਪੁੱਤਰ ਕਸ਼ਮੀਰ, ਸਤਨਾਮ ਚੰਦ ਪੁੱਤਰ ਰਾਮ ਚੰਦ ਅਤੇ ਸ਼ਿੰਗਾਰਾ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀਅਨ ਮੋਹਨ ਕੇ ਉਤਾੜ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਸ ਮੁਤਾਬਿਕ ਨਿਸ਼ਾਨ ਸਿੰਘ ਅਤੇ ਸ਼ਿੰਗਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂਕਿ ਦੂਜੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh