ਸ਼ਰਾਬ ਦੇ ਠੇਕੇ ''ਤੇ ਪੈਟਰੋਲ ਬੰਬਾਂ ਨਾਲ ਹਮਲਾ, ਭੰਨ-ਤੋੜ ਕਰ ਗੱਡੀ ਨੂੰ ਵੀ ਲਗਾਈ ਅੱਗ

10/05/2021 10:28:58 PM

ਸ਼ਾਹਕੋਟ(ਤ੍ਰੇਹਨ)- ਬੀਤੀ ਰਾਤ ਸਬ ਡਵੀਜ਼ਨ ਸ਼ਾਹਕੋਟ 'ਚ ਪੈਂਦੇ ਪਿੰਡ ਬਦਲੀ ਦੇ ਬੱਸ ਅੱਡਾ ਵਿਖੇ ਸ਼ਰਾਬ ਦੇ ਠੇਕੇ 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਪੈਟਰੋਲ ਬੰਬਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਠੇਕੇ ਦੇ ਕਾਮਿਆਂ ਦੀ ਕੁੱਟਮਾਰ ਕਰ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਠੇਕੇ ਦੇ ਬਾਹਰ ਖੜ੍ਹੀ ਬਲੈਰੋ ਗੱਡੀ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ ਗਿਆ। ਪਟਰੋਲ ਬੰਬਾਂ ਨਾਲ ਕੀਤੇ ਹਮਲੇ 'ਚ ਠੇਕੇ ਦੇ ਕਰਿੰਦਿਆਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ- DSGMC ਅਤੇ ਹੋਰ ਸਿੱਖ ਸੰਸਥਾਵਾਂ ਦੇ ਕਾਨੂੰਨੀ ਗਠਨ ਨੂੰ ਬਣਾਵਾਂਗੇ ਯਕੀਨੀ : ਸੁਖਬੀਰ ਬਾਦਲ
ਠੇਕੇ (ਮਾਨਵ ਕੁਮਾਰ ਐਂਡ ਕੰਪਨੀ) ਦੇ ਮਾਲਕ ਮਾਨਵ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਠੇਕੇ ਦਾ ਸੇਲਜ਼ਮੈਨ ਜੱਖੂ ਰਾਮ ਪੁੱਤਰ ਖਜੇਰੋ ਵਰਮਾ ਪਿੰਡ ਬਦਲੀ ਵਿਖੇ ਠੇਕੇ ਤੇ ਮੌਜੂਦ ਸੀ, ਜਦ ਕਿ ਅਜੈਬ ਸਿੰਘ ਪੁੱਤਰ ਹਰਮੇਲ ਸਿੰਘ ਕੈਸ਼ ਕਲੈਕਟ ਕਰਨ ਵਾਸਤੇ ਠੇਕੇ ਪਹੁੰਚਿਆ ਸੀ। ਤਿੰਨ ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਨੇ ਠੇਕੇ ਤੋਂ ਇਕ ਬੀਅਰ ਦੀ ਬੋਤਲ ਖਰੀਦੀ। ਫਿਰ ਉਨ੍ਹਾਂ ਨੇ ਠੇਕੇ ਅਤੇ ਠੇਕੇ ਦੇ ਬਾਹਰ ਖੜ੍ਹੀ ਬਲੈਰੋ ਕੈਂਪਰ ਗੱਡੀ 'ਤੇ ਪਲਾਸਟਿਕ ਦੀਆਂ ਥੈਲੀਆਂ ''ਚ ਮੌਜੂਦ ਪੈਟਰੋਲ (ਪੈਟਰੋਲ ਬੰਬ) ਨਾਲ ਹਮਲਾ ਕਰ ਦਿੱਤਾ ਅਤੇ ਅੱਗ ਲਗਾ ਦਿੱਤੀ। ਠੇਕੇ ਦੇ ਸੇਲਜ਼ਮੈਨ ਜੱਖੂ ਰਾਮ ਨੇ ਦੌੜ ਕੇ ਆਪਣੀ ਜਾਨ ਬਚਾਈ, ਜਦਕਿ ਅਜੈਬ ਸਿੰਘ ਤੇ ਹਮਲਾਵਰਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਬੇਸਬਾਲ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਲਖੀਮਪੁਰ ’ਚ ਮਾਸੂਮ ਕਿਸਾਨਾਂ ਦੇ ਕਾਤਲਾਂ ਖ਼ਿਲਾਫ ਜਲਦ ਕਾਰਵਾਈ ਕਰਵਾਏ ਕੇਂਦਰ : ਅਕਾਲੀ ਦਲ
ਉਨ੍ਹਾਂ ਦੱਸਿਆ ਕਿ ਹਮਲਾਵਰ ਹਮਲੇ ਉਪਰੰਤ ਪਿੰਡ ਚਾਚੋਵਾਲ ਵੱਲ ਜਾਂਦੇ ਰਾਹ ਵਲ ਚਲੇ ਗਏ। ਉਨ੍ਹਾਂ ਦੱਸਿਆ ਕਿ ਠੇਕੇ ਦੇ ਅੰਦਰ ਅੱਗ ਬੁਝ ਜਾਣ ਕਾਰਨ ਵੱਡਾ ਦੁਖਾਂਤ ਹੋਣ ਤੋਂ ਟਲ ਗਿਆ। ਹਮਲਾਵਰਾਂ ਨੇ ਠੇਕੇ ਵਿੱਚ ਮੌਜੂਦ ਸ਼ਰਾਬ ਦੀਆਂ ਬੋਤਲਾਂ ਦੀ ਵੀ ਭੰਨਤੋੜ ਕੀਤੀ, ਜਿਸ ਨਾਲ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਠੇਕੇ ਦੇ ਬਾਹਰ ਖੜ੍ਹੀ ਬਲੈਰੋ ਕੈਂਪਰ ਗੱਡੀ ਅੱਗ ਨਾਲ ਬੁਰੀ ਤਰ੍ਹਾਂ ਸੜ ਗਈ। ਉਨ੍ਹਾਂ ਹੋਰ ਦੱਸਿਆ ਕਿ ਹਮਲਾਵਰਾਂ ਨੇ ਕਿਸੇ ਤਰਾਂ ਦੀ ਕੋਈ ਲੁੱਟ ਖੋਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਕਤ ਹਮਲਾ ਸ਼ਰਾਬ ਦੇ ਨਜਾਇਜ਼ ਕਾਰੋਬਾਰੀਆਂ ਵੱਲੋਂ ਕੀਤਾ ਗਿਆ ਹੋ ਉਹ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੇ ਡੀ ਐੱਸ ਪੀ ਸ਼ਾਹਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ, ਐਸ. ਐਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਅਤੇ ਐਸ ਐਚ ਓ ਲੋਹੀਆਂ ਬਲਵਿੰਦਰ ਸਿੰਘ ਭੁੱਲਰ ਨੇ ਮੌਕੇ ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ ਐੱਸ ਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ''ਚ ਕੈਦ ਹੋ ਚੁੱਕੀ ਹੈ। ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਆਈ ਪੀ ਸੀ ਦੀਆਂ ਧਰਾਵਾਂ 323, 435 ਅਤੇ 34 ਅਧੀਨ ਕੇਸ ਦਰਜ ਕੀਤਾ ਗਿਆ ਹੈ।

Bharat Thapa

This news is Content Editor Bharat Thapa