ਨਿੱਜੀ ਖਰੀਦਦਾਰਾਂ ਵੱਲ ਆੜ੍ਹਤੀਆਂ ਦੇ 600 ਕਰੋੜ ਰੁਪਏ ਫਸੇ

09/07/2017 10:56:07 AM

ਕਪੂਰਥਲਾ(ਸ਼ਰਮਾ)— ਬਾਸਮਤੀ ਦੇ ਖਰੀਦਦਾਰਾਂ ਵੱਲ ਆੜ੍ਹਤੀਆਂ ਦੇ ਲਗਭਗ 600 ਕਰੋੜ ਰੁਪਏ ਫਸੇ ਹੋਏ ਹਨ। ਇਨ੍ਹਾਂ ਖਰੀਦਦਾਰਾਂ ਦਾ ਬਾਈਕਾਟ ਕੀਤਾ ਜਾਵੇਗਾ ਤਾਂ ਕਿ ਪੰਜਾਬ 'ਚ ਕੋਈ ਵੀ ਆੜ੍ਹਤੀ ਇਨ੍ਹਾਂ ਵਪਾਰੀਆਂ ਨਾਲ ਲੈਣ-ਦੇਣ ਨਾ ਕਰੇ। ਇਹ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਬੁੱਧਵਾਰ ਨੂੰ ਅਨਾਜ ਮੰਡੀ ਕਪੂਰਥਲਾ 'ਚ ਪ੍ਰਧਾਨ ਓਮ ਪ੍ਰਕਾਸ਼ ਬਹਿਲ ਦੀ ਪ੍ਰਧਾਨਗੀ 'ਚ ਆੜ੍ਹਤੀਆਂ ਦੀ ਹੋਈ ਇਕ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਡਿਫਾਲਟਰ ਖਰੀਦਦਾਰਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਆੜ੍ਹਤੀਆਂ ਦਾ ਭੁਗਤਾਨ ਕਿਉਂ ਨਹੀਂ ਕਰ ਰਹੇ, ਜਦਕਿ ਉਨ੍ਹਾਂ ਨੇ ਬੈਂਕਾਂ ਦੀਆਂ ਕਰੋੜਾਂ ਰੁਪਏ ਦੀਆਂ ਲਿਮਟਾਂ ਵੀ ਚੁੱਕੀਆਂ ਹੋਈਆਂ ਹਨ। ਡਿਫਾਲਟਰ ਖਰੀਦਦਾਰਾਂ ਦੇ ਮਾਰਕੀਟ ਕਮੇਟੀ ਲਾਇਸੈਂਸ ਰੱਦ ਕੀਤੇ ਜਾਣ, ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ, ਉਨ੍ਹਾਂ ਦੀ ਮੀਲਿੰਗ ਕੈਂਸਲ ਕੀਤੀ ਜਾਵੇ ਤੇ ਉਨ੍ਹਾਂ ਦੀਆਂ ਜਾਇਦਾਦਾਂ ਵੇਚ ਕੇ ਆੜ੍ਹਤੀਆਂ ਦਾ ਭੁਗਤਾਨ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 18 ਤੋਂ 21 ਸਤੰਬਰ 'ਚ ਕਿਸੇ ਦਿਨ ਬਾਘਾਪੁਰਾਣਾ (ਮੋਗਾ) ਵਿਖੇ ਪੰਜਾਬ ਦੇ ਆੜ੍ਹਤੀਆਂ ਦੀ ਮੀਟਿੰਗ ਕੀਤੀ ਜਾ ਰਹੀ ਹੈ। ਕੋਈ ਵੀ ਆੜ੍ਹਤੀ ਮਨੀ ਲਾਂਡਰਿੰਗ ਦੇ ਤਹਿਤ ਲਾਇਸੈਂਸ ਨਹੀਂ ਲਵੇਗਾ ਅਤੇ ਨਾ ਹੀ ਈ. ਪੀ. ਐੱਫ. ਲਾਇਸੈਂਸ ਲਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰੀ ਖਰੀਦ ਏਜੰਸੀ ਐੱਫ. ਸੀ. ਆਈ. ਕੋਲ ਆੜ੍ਹਤੀਆਂ ਦੇ ਕਰੋੜਾਂ ਰੁਪਏ ਫਸੇ ਹੋਏ ਹਨ, ਜੇ ਇਸ ਦਾ ਭੁਗਤਾਨ ਜਲਦੀ ਨਾ ਕੀਤਾ ਗਿਆ ਤਾਂ ਆੜ੍ਹਤੀ ਰਾਜ 'ਚ ਐੱਫ. ਸੀ. ਆਈ. ਦਾ ਬਾਈਕਾਟ ਕਰ ਕੇ ਉਨ੍ਹਾਂ ਦੇ ਅਧਿਕਾਰੀਆਂ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਲਾਇਸੈਂਸ ਦੇ ਫੈਸਲੇ ਲਈ ਸੂਬਾ ਸਰਕਾਰ ਨੇ 5 ਮੈਂਬਰੀ ਕਮੇਟੀ ਬਣਾਈ ਹੈ, ਜਿਸ 'ਚ 1-2 ਮੈਂਬਰ ਮਨੀ ਲਾਂਡਰਿੰਗ ਦੇ ਹੱਕ 'ਚ ਹਨ। ਉਨ੍ਹਾਂ ਕਿਹਾ ਕਿ ਜੇਕਰ ਆੜ੍ਹਤੀਆਂ 'ਤੇ ਕੋਈ ਫੈਸਲਾ ਜ਼ਬਰਦਸਤੀ ਥੋਪਿਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 
ਇਸ ਮੌਕੇ ਸੂਬਾ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ, ਜ਼ਿਲਾ ਉਪ ਪ੍ਰਧਾਨ ਰਜਿੰਦਰ ਕੌੜਾ, ਪ੍ਰਧਾਨ ਮੰਡੀ ਧਰਮ ਕਮੇਟੀ ਭੀਮ ਸੈਨ ਅਗਰਵਾਲ, ਵਿਪਨ ਆਜ਼ਾਦ, ਸੁਦੀਪ ਸੂਦ, ਸਵਤੰਤਰ ਸੱਭਰਵਾਲ, ਪਵਨ ਕੌੜਾ, ਰਾਜੇਸ਼ਵਰ ਸੂਦ, ਗੁਰਦੀਪ ਸਿੰਘ ਘੁੰਮਣ, ਰਣਜੀਤ ਸਿੰਘ, ਮੁਕੇਸ਼ ਛਾਬੜਾ, ਵਿਜੇ ਸ਼ਰਮਾ, ਰਾਕੇਸ਼ ਸ਼ਰਮਾ, ਨਰਾਇਣ ਗੁਪਤਾ, ਅਸ਼ਵਨੀ ਸ਼ਰਮਾ, ਸੰਦੀਪ ਅਗਰਵਾਲ, ਜਸਵਿੰਦਰ ਸਿੰਘ ਥਿੰਦ, ਰੌਸ਼ਨ ਲਾਲ ਗੁਪਤਾ, ਸੇਵਾ ਸਿੰਘ, ਅਵਤਾਰ ਸਿੰਘ, ਅਜੀਤ ਸਿੰਘ, ਤਿਲਕਰਾਜ ਗੁਪਤਾ, ਜਗਦੀਸ਼ ਰਾਜ, ਵਿਜੇ ਗੁਪਤਾ, ਕੁਲਵਿੰਦਰ ਸਿੰਘ ਆਦਿ ਆੜ੍ਹਤੀ ਹਾਜ਼ਰ ਸਨ।