ਨਸ਼ੇ ਦੀ ਗੋਲੀ ਦੇਣ ਤੋਂ ਇਨਕਾਰ ਕਰਨ ’ਤੇ ਮਾਰੀ ਕਿਰਚ

01/20/2021 4:24:42 PM

ਮੋਗਾ (ਅਜ਼ਾਦ)- ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਕੋਲ ਨਸ਼ੇ ਦੀ ਗੋਲ਼ੀ ਨਾ ਦੇਣ 'ਤੇ ਗੁੱਸੇ ਵਿਚ ਆਏ ਵਿਅਕਤੀ ਵੱਲੋਂ ਆਪਣੇ ਸਾਥੀ ਦੇ ਢਿੱਡ ਵਿਚ ਤੇਜ਼ਧਾਰ ਕਿਰਚ ਮਾਰ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਉਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਘੱਲ ਕਲਾਂ ਨੇ ਕਿਹਾ ਕਿ ਉਹ ਨਸ਼ਾ ਛੱਡਣ ਦੀਆਂ ਗੋਲੀਆਂ ਖਾ ਰਿਹਾ ਹੈ ਜੋ ਜੀਭ ਹੇਠਾਂ ਰੱਖੀ ਜਾਂਦੀ ਹੈ ਉਸਦੇ ਕੋਲ ਕੁਲਜਿੰਦਰ ਸਿੰਘ ਉਰਫ ਲੱਕੀ ਨਿਵਾਸੀ ਪਿੰਡ ਘੱਲ ਕਲਾਂ ਆਇਆ ਅਤੇ ਨਸ਼ੇ ਦੀ ਗੋਲੀ ਮੰਗਣ ਲੱਗਾ।

ਉਕਤ ਨੇ ਦੱਸਿਆ ਕਿ ਮੇਰੇ ਵਲੋਂ ਇਨਕਾਰ ਕਰਨ 'ਤੇ ਉਸ ਨੇ ਗੁੱਸੇ ’ਚ ਆ ਕੇ ਮੇਰੇ ਢਿੱਡ ਵਿਚ ਤੇਜ਼ਧਾਰ ਕਿਰਚ ਮਾਰੀ ’ਤੇ ਮੈਂ ਲਹੂ ਲੁਹਾਣ ਹੋ ਕੇ ਡਿੱਗ ਪਿਆ, ਜਿਸ 'ਤੇ ਕਥਿਤ ਦੋਸ਼ੀ ਉਥੋਂ ਫਰਾਰ ਹੋ ਗਿਆ। ਜਦੋਂ ਮੈਂ ਰੋਲਾ ਪਾਇਆ ਤਾਂ ਉਥੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਮੈਂਨੂੰ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਹੀ ਕਾਬੂ ਆ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੁਲਜਿੰਦਰ ਸਿੰਘ ਉਰਫ ਲੱਕੀ ਖਿਲਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾਾ ਦਰਜ ਕਰ ਲਿਆ ਗਿਆ ਹੈ।

 

Gurminder Singh

This news is Content Editor Gurminder Singh