ਵਿਦੇਸ਼ ਜਾਣ ਦੀ ਮਨਜ਼ੂਰੀ ਨਾ ਮਿਲਣ ’ਤੇ ਅਮਨ ਅਰੋੜਾ ਨੇ ਕੇਂਦਰ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

09/24/2022 1:18:13 AM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਗਰੀਨ ਹਾਈਡ੍ਰੋਜਨ ਸਬੰਧੀ ਗਿਆਨ ਦੇ ਆਦਾਨ-ਪ੍ਰਦਾਨ ਲਈ ਤਿੰਨ ਮੁਲਕਾਂ ਜਰਮਨੀ, ਬੈਲਜੀਅਮ ਅਤੇ ਨੀਦਰਲੈਂਡਜ਼ ਦੇ ਦੌਰੇ ਵਾਸਤੇ ਮਨਜ਼ੂਰੀ (ਪੋਲੀਟੀਕਲ ਕਲੀਅਰੈਂਸ) ਨਾ ਦੇਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਉਹ ਆਮ ਆਦਮੀ ਪਾਰਟੀ (ਆਪ) ਤੋਂ ਸਿਆਸੀ ਤੌਰ ’ਤੇ ਇੰਨਾ ਅਸੁਰੱਖਿਅਤ ਕਿਉਂ ਮਹਿਸੂਸ ਕਰ ਰਹੀ ਹੈ, ਜੋ ਉਸ ਨੂੰ ‘ਆਪ’ ਲੀਡਰਸ਼ਿਪ ਦੇ ਸਰਕਾਰੀ ਵਿਦੇਸ਼ ਦੌਰੇ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਵਰਗੀਆਂ ਕੋਝੀਆਂ ਚਾਲਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੂੰ ਮਿਲੇ ਸੰਤ ਸੀਚੇਵਾਲ, ਕਿਹਾ-ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਪੰਜਾਬ ਨੂੰ ਹੋਇਆ 2000 ਕਰੋੜ ਜੁਰਮਾਨਾ

ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੇਂਦਰ ਸਰਕਾਰ ਨੇ ਕਿਸੇ ‘ਆਪ’ ਆਗੂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਰਲਡ ਸਿਟੀਜ਼ ਸੰਮੇਲਨ ’ਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਸਿੰਗਾਪੁਰ ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਦਿਲਚਸਪ ਤੱਥ ਇਹ ਹੈ ਕਿ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਇਸ ਦੌਰੇ ਵਾਸਤੇ ਅਮਨ ਅਰੋੜਾ ਸਮੇਤ 13 ਮੈਂਬਰੀ ਵਫ਼ਦ ਦੀ ਸੂਚੀ ਨੂੰ 14 ਸਤੰਬਰ, 2022 ਨੂੰ ਪ੍ਰਵਾਨਗੀ ਦਿੱਤੀ ਸੀ ਪਰ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੂੰ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਦੌਰਾ ਇੰਡੋ-ਜਰਮਨ ਐਨਰਜੀ ਫੋਰਮ ਵੱਲੋਂ ਸਪਾਂਸਰ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਦਾ ਨਜ਼ਦੀਕੀ ਗੈਂਗਸਟਰ ਰਣਦੀਪ ਗ੍ਰਿਫ਼ਤਾਰ, ਵੱਡੀ ਸਾਜ਼ਿਸ਼ ਨੂੰ ਦੇਣਾ ਸੀ ਅੰਜਾਮ 

ਇਸ ਦੌਰੇ ਦਾ ਕੇਂਦਰ ਜਾਂ ਸੂਬਾਈ ਸਰਕਾਰ ਉੱਤੇ ਇਕ ਪੈਸੇ ਦਾ ਵੀ ਵਿੱਤੀ ਬੋਝ ਨਹੀਂ ਪੈਣਾ ਸੀ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ‘ਆਪ’ ਦੀਆਂ ਲੋਕ-ਪੱਖੀ ਨੀਤੀਆਂ ਦੀ ਸਫ਼ਲਤਾ ਨੇ ਭਾਜਪਾ ਦੇ ਨਫ਼ਰਤ ਅਤੇ ਝੂਠ ਦੇ ਮਾਡਲ ਨੂੰ ਸਖ਼ਤ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਭਾਰਤ ਦੇ ਸਿਆਸੀ ਨਕਸ਼ੇ ਤੋਂ ਭਾਜਪਾ ਨੂੰ ਹੂੰਝਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਮੌਜੂਦਾ ਹਾਲਾਤ ਤੋਂ ਭਗਵਾ ਪਾਰਟੀ ਨੂੰ ਸਪੱਸ਼ਟ ਦਿਖ ਰਿਹਾ ਹੈ। ਅਮਨ ਅਰੋੜਾ ਨੇ ਕਿਹਾ, “24 ਸਤੰਬਰ ਤੋਂ 2 ਅਕਤੂਬਰ, 2022 ਤੱਕ ਦਾ ਇਹ ਦੌਰਾ ਸੂਬੇ ’ਚ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਸਬੰਧੀ ਯੋਜਨਾਬੰਦੀ ਅਤੇ ਵਿਕਾਸ ਲਈ ਬੇਹੱਦ ਅਹਿਮੀਅਤ ਰੱਖਦਾ ਸੀ ਤਾਂ ਜੋ ਭਵਿੱਖੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਸੂਬੇ ਦੇ ਲੋਕਾਂ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।” ਕੇਂਦਰ ਸਰਕਾਰ ਦਾ ਅਜਿਹਾ ਬੇਲੋੜਾ ਦਖ਼ਲ ਮੁਲਕ ਦੇ ਸੰਘੀ ਢਾਂਚੇ ਲਈ ਵੀ ਵੱਡਾ ਖ਼ਤਰਾ ਹੈ। ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਭਾਰਤੀ ਲੋਕਤੰਤਰ ਦੀਆਂ ਸ਼ਾਨਾਮੱਤੀਆਂ ਰਵਾਇਤਾਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਤੱਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੇ ਅਟਲ ਬਿਹਾਰੀ ਵਾਜਪਾਈ ਨੂੰ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਬਾਵਜੂਦ ਸੰਯੁਕਤ ਰਾਸ਼ਟਰ ’ਚ ਭੇਜੇ ਜਾਣ ਵਾਲੇ ਵਫ਼ਦ ਦੀ ਅਗਵਾਈ ਕਰਨ ਲਈ ਚੁਣਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਪਟਨ ਅਮਰਿੰਦਰ ਨਾਲ ਸਿਸਵਾ ਫਾਰਮ ’ਚ ਕੀਤੀ ਮੁਲਾਕਾਤ


Manoj

Content Editor

Related News