ਸੜਕਾਂ 'ਤੇ ਉਤਰਿਆ ਰਵਿਦਾਸ ਭਾਈਚਾਰਾ, ਜਲੰਧਰ-ਦਿੱਲੀ ਹਾਈਵੇਅ ਕੀਤਾ ਜਾਮ (ਤਸਵੀਰਾਂ)

08/13/2019 10:03:38 AM

ਜਲੰਧਰ (ਮਹੇਸ਼, ਸੋਨੂੰ) — ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਤੋੜੇ ਜਾਣ ਦੇ ਵਿਰੋਧ 'ਚ ਪੰਜਾਬ 'ਚ ਕੀਤੇ ਗਏ ਬੰਦ ਦੇ ਐਲਾਨ ਤੋਂ ਬਾਅਦ ਰਵਿਦਾਸ ਭਾਈਚਾਰੇ ਵੱਲੋਂ ਸਵੇਰੇ ਹੀ ਦਿੱਲੀ-ਜਲੰਧਰ ਹਾਈਵੇਅ 'ਤੇ ਜਾਮ ਲਗਾ ਦਿੱਤਾ ਗਿਆ ਹੈ। ਪੁਲਸ ਦੇ ਸਮਝਾਉਣ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ 20 ਮਿੰਟਾਂ ਦੇ ਬਾਅਦ ਜਾਮ ਖੋਲ੍ਹ ਦਿੱਤਾ, ਜਿਸ ਦੇ ਚਲਦਿਆਂ ਦਿੱਲੀ ਵੱਲ ਜਾਣ ਵਾਲੀਆਂ ਬੱਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਨੂੰ ਆਮ ਕੀਤਾ ਗਿਆ।

ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਫਿਰ ਤੋਂ ਜਾਮ ਲਗਾ ਦਿੱਤਾ। ਬੀਤੇ ਸ਼ਨੀਵਾਰ ਤੋਂ ਮੰਦਿਰ ਤੋੜੇ ਜਾਣ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਰਵਿਦਾਸ ਭਾਈਚਾਰੇ ਦੇ ਲੋਕ ਬੰਦ ਦੇ ਸੱਦੇ 'ਤੇ ਭਾਰੀ ਬਾਰਿਸ਼ 'ਚ ਵੀ ਸਵੇਰੇ ਸੜਕਾਂ 'ਤੇ ਉਤਰ ਆਏ। ਜਲੰਧਰ ਰਾਮਾਮੰਡੀ ਅਤੇ ਫਗਵਾੜਾ ਹਾਈਵੇਅ 'ਤੇ ਜਾਮ ਲੱਗਾ ਹੋਇਆ ਹੈ। ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਰਵਿਦਾਸ ਭਾਈਚਾਰਾ ਸੜਕਾਂ 'ਤੇ ਬੈਠ ਕੇ ਰੋਸ ਪ੍ਰਕਟ ਕਰ ਰਿਹਾ ਹੈ। ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ ਪਰ ਜਾਮ 'ਚ ਫਸੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਮਸ਼ੇਰ ਨੂੰ ਜਾਂਦੇ ਨਵੇਂ ਹਾਈਵੇਅ 'ਤੇ ਵੀ ਜਾਮ ਵਾਲੀ ਸਥਿਤੀ ਹੈ। ਰੋਸ 'ਚ ਵੱਖ-ਵੱਖ ਡੇਰਿਆਂ ਤੋਂ ਸੰਤ ਸ਼ਾਮਲ ਹੋਏ ਹਨ। ਉਥੇ ਹੀ ਵਰਕਸ਼ਾਪ ਚੌਕ 'ਤੇ ਵੀ ਜਾਮ ਲੱਗਾ ਹੋਇਆ ਹੈ। ਚੰਦਨ ਨਗਰ ਬਰਿੱਜ ਦੇ ਕੋਲ ਰਸਤਾ ਰੋਕਿਆ ਜਾ ਰਿਹਾ ਹੈ। 

ਇਨ੍ਹਾਂ ਲੋਕਾਂ ਦੇ ਅੰਦੋਲਨ 'ਚ ਕਾਂਗਰਸ ਵੀ ਸਮਰਥਨ ਦੇ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਨਾ ਵਾਪਰ ਜਾਵੇ, ਇਸ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਬੰਦ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। 


ਇਹ ਹੈ ਪੂਰਾ ਮਾਮਲਾ 
ਸੁਪਰੀਮ ਕੋਰਟ ਦੇ ਆਦੇਸ਼ 'ਤੇ ਦਿੱਲੀ ਡਿਵੈੱਲਪਮੈਂਟ ਅਥਾਰਿਟੀ (ਡੀ. ਡੀ. ਏ) ਨੇ ਪੁਲਸ ਬਲ ਦੇ ਨਾਲ ਤੁਗਲਕਾਬਾਦ ਦੇ ਵਨ ਖੇਤਰ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਨੂੰ ਤੋੜਿਆ ਗਿਆ ਹੈ। ਡੀ. ਡੀ. ਏ. ਦਾ ਦਾਅਵਾ ਹੈ ਕਿ ਮੰਦਿਰ ਉਸ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਸੀ, ਜਿਸ ਦਾ ਮਾਮਲਾ ਅਦਾਲਤ 'ਚ ਸੁਣਿਆ ਗਿਆ ਅਤੇ ਆਖੀਰ 'ਚ ਹਟਾਉਣ ਦੇ ਆਦੇਸ਼ ਦਿੱਤੇ ਗਏ। ਇਥੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ 'ਚ ਪੈਦਾ ਹੋਏ ਤਣਾਅ ਨੂੰ ਹੱਲ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ 'ਤੇ ਦਖਲ ਦੇਣ ਦੀ ਅਪੀਲ ਕੀਤੀ ਹੈ।

 

shivani attri

This news is Content Editor shivani attri