ਰਵਿਦਾਸ ਭਾਈਚਾਰੇ ਦਾ ਜਲੰਧਰ 'ਚ ਪ੍ਰਦਰਸ਼ਨ ਜਾਰੀ, ਨਕੋਦਰ ਹਾਈਵੇਅ ਜਾਮ (ਵੀਡੀਓ)

08/11/2019 6:44:11 PM

ਜਲੰਧਰ (ਸੋਨੂੰ, ਮਜ਼ਹਰ)— ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ ਵਜੋਂ ਰਵਿਦਾਸ ਭਾਈਚਾਰੇ ਵੱਲੋਂ ਜਲੰਧਰ 'ਚ ਅੱਜ ਫਿਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਲੰਧਰ ਵਿਖੇ ਨਕੋਦਰ ਨੂੰ ਜਾਣ ਵਾਲੇ ਹਾਈਵੇਅ 'ਤੇ ਲਾਂਬੜਾ ਨੇੜੇ ਰਵਿਦਾਸ ਭਾਈਚਾਰੇ ਵੱਲੋਂ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜ ਕੇ ਮੋਦੀ ਸਰਕਾਰ ਖਿਲਾਫ ਅਤੇ ਦਿੱਲੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਫਿਲਹਾਲ ਪੁਲਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਪਹੁੰਚ ਚੁੱਕਾ ਹੈ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਥੇ ਹੀ ਬੂਟਾ ਮੰਡੀ ਸਥਿਤ ਰਵਿਦਾਸ ਚੌਕ 'ਚ ਟੈਂਟ ਲਗਾ ਕੇ ਰਵਿਦਾਸ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ 'ਤੇ ਤੁਲੀ ਹੋਈ ਹੈ ਅਤੇ ਫਰਮਾਨ ਜਾਰੀ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। 

ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਬਾਲਮੁਕੰਦ ਬਾਵਰਾ ਨੇ ਕਿਹਾ ਕਿ ਜਦੋਂ ਤੱਕ ਗੁਰੂ ਰਵਿਦਾਸ ਜੀ ਦਾ ਮੰਦਿਰ ਦਿੱਲੀ 'ਚ ਦੋਬਾਰਾ ਉਸੇ ਤਰ੍ਹਾਂ ਨਹੀਂ ਬਣ ਜਾਂਦਾ, ਉਹ ਪ੍ਰਦਰਸ਼ਨ ਖਤਮ ਨਹੀਂ ਕਰਨਗੇ। ਇਸ ਦੌਰਾਨ ਉਨ੍ਹਾਂ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੈਂਟਰ 'ਚ ਮੋਦੀ ਦੀ ਸਰਕਾਰ ਆਈ ਹੈ, ਦਲਿਤਾਂ 'ਤੇ ਅੱਤਿਆਚਾਰ ਵੱਧ ਗਿਆ ਹੈ।

ਕੇਂਦਰ 'ਚ ਮੋਦੀ ਸਰਕਾਰ ਦੇ ਆਉਣ ਕਰਕੇ ਦਲਿਤਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦਲਿਤ ਹੋਣ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਰਵਿਦਾਸ ਮੰਦਿਰ ਤੋੜੇ ਜਾਣ ਨਾਲ ਸਾਡੇ ਧਾਰਮਿਕ ਜਜ਼ਬਾਤ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਹਰ ਚੀਜ਼ ਬਰਦਾਸ਼ਤ ਕੀਤੀ ਜਾਵੇਗੀ ਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣੀ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਜਾਣੋ ਕੀ ਹੈ ਪੂਰਾ ਮਾਮਲਾ 
ਸੁਪਰੀਮ ਕੋਰਟ ਦੇ ਆਦੇਸ਼ 'ਤੇ ਦਿੱਲੀ ਵਿਕਾਸ ਅਥਾਰਿਟੀ (ਡੀ.ਡੀ.ਏ) ਨੇ ਪੁਲਸ ਬਲ ਦੇ ਨਾਲ ਤੁਗਲਕਾਬਾਦ ਦੇ ਵਨ ਖੇਤਰ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਨੂੰ ਤੋੜਿਆ ਗਿਆ ਹੈ। ਡੀ. ਡੀ. ਏ. ਦਾ ਦਾਅਵਾ ਹੈ ਕਿ ਮੰਦਿਰ ਉਸ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਸੀ, ਜਿਸ ਦਾ ਮਾਮਲਾ ਅਦਾਲਤ 'ਚ ਸੁਣਿਆ ਗਿਆ ਅਤੇ ਆਖੀਰ 'ਚ ਹਟਾਉਣ ਦੇ ਆਦੇਸ਼ ਦਿੱਤੇ ਗਏ।

ਸ਼ਨੀਵਾਰ ਨੂੰ ਮੰਦਿਰ ਤੋੜੇ ਜਾਣ ਦੀ ਖਬਰ ਨਾਲ ਰਵਿਦਾਸ ਭਾਈਚਾਰੇ 'ਚ ਗੁੱਸੇ ਦੀ ਲਹਿਰ ਦੌੜ ਪਈ ਅਤੇ ਵੱਡੀ ਗਿਣਤੀ 'ਚ ਲੋਕ ਜਮ੍ਹਾ ਹੋ ਗਏ ਸਨ। ਲੋਕਾਂ ਨੇ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਭਰ 'ਚ ਥਾਂ-ਥਾਂ ਜਾਮ ਲਗਾਇਆ ਸੀ। ਪ੍ਰਦਰਸ਼ਨ ਕਿਤੇ ਭਿਆਨਕ ਰੂਪ ਨਾ ਲੈ ਲਵੇ, ਇਸ ਨੂੰ ਧਿਆਨ 'ਚ ਰੱਖਦੇ ਹੋਏ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਅਤੇ ਨੀਮ ਫੌਜੀ ਬਲ ਦੀ ਤਾਇਨਾਤੀ ਕੀਤੀ ਗਈ ਹੈ। 


ਇਥੇ ਦੱਸ ਦੇਈਏ ਕਿ ਜਲੰਧਰ ਤੋਂ ਨਕੋਦਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਆਪਣਾ ਰੂਟ ਬਦਲਣਾ ਪਵੇਗਾ। ਉਨ੍ਹਾਂ ਨੂੰ ਸ਼ਾਹਪੁਰ ਜਾਂ ਕਿਸੇ ਹੋਰ ਰਸਤੇ ਤੋਂ ਨਕੋਦਰ ਵੱਲ ਜਾਣਾ ਪਵੇਗਾ।

shivani attri

This news is Content Editor shivani attri