ਸ਼ਾਲਾਪੁਰੀਆਂ ਨੇ ਕੀਤੀ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ

03/31/2018 12:38:57 PM

ਸੁਲਤਾਨਪੁਰ ਲੋਧੀ (ਧੀਰ)— ਹਾਲ ਹੀ 'ਚ ਸੁਪਰੀਮ ਕੋਰਟ ਦੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਐਕਟ ਵਿਰੁੱਧ ਆਏ ਫੈਸਲੇ ਕਾਰਨ ਪੂਰੇ ਦੇਸ਼ ਅੰਦਰ ਤਣਾਓ ਦਾ ਮਾਹੌਲ ਹੈ। ਜਗ੍ਹਾ-ਜਗ੍ਹਾ ਇਸ ਫੈਸਲੇ ਦੇ ਵਿਰੁੱਧ ਰੋਸ ਪ੍ਰਦਰਸ਼ਨ ਹੋ ਰਹੇ ਹਨ। ਜਿਸ ਦੀ ਕੜੀ ਵਜੋਂ ਸ਼ੁੱਕਰਵਾਰ ਸੁਲਤਾਨਪੁਰ ਦੇ ਪਿੰਡ ਸ਼ਾਲਾਪੁਰ ਬੇਟ 'ਚ ਦਲਿਤ ਭਾਈਚਾਰੇ 'ਚ ਜ਼ਬਰਦਸਤ ਰੋਸ ਦੇਖਣ ਨੂੰ ਮਿਲਿਆ। ਕਹਿ ਲਓ ਕਿ ਸ਼ਾਲਾਪੁਰੀਆਂ ਨੇ ਰੱਜ ਕੇ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਦਲਿਤ ਨੌਜਵਾਨ ਆਗੂ ਜਸਵੀਰ ਸ਼ਾਲਾਪੁਰੀ ਨੇ ਕਿਹਾ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦੇਸ਼ ਨੂੰ ਦਿੱਤੀ ਗਈ ਰਾਸ਼ਟਰੀ ਪ੍ਰਣਾਲੀ ਸਮਾਨਤਾ ਤੇ ਭਾਈਚਾਰੇ ਦੇ ਅਸੂਲਾਂ ਅਤੇ ਆਧਾਰਿਤ ਹੈ।
ਇਸ ਨਾਲ ਛੇੜ ਛਾੜ ਕਰਨਾ ਖੁਦਗਰਜ਼ੀ ਅਤੇ ਸੌੜੀ ਸੋਚ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਾਨੂੰਨਾਂ ਦੇ ਬਾਵਜੂਦ ਵੀ ਦਲਿਤਾਂ ਨਾਲ ਵਿਤਕਰਾ, ਗਊ ਹੱਤਿਆ ਦੇ ਨਾਂ 'ਤੇ ਦਲਿਤਾਂ ਦੀ ਕੁੱਟਮਾਰ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ। ਭਗਵਾਨ ਵਾਲਮੀਕਿ ਏਕਤਾ ਵੈੱਲਫੇਅਰ ਸੁਸਾਇਟੀ ਦੇ ਜ਼ਿਲਾ ਪ੍ਰਧਾਨ ਅਜੈ ਸ਼ਾਲਾਪੁਰੀ ਨੇ ਕਿਹਾ ਕਿ ਮੋਦੀ ਸਰਕਾਰ ਬੇਰੋਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਭੱਜ ਕੇ ਅਜਿਹੀਆਂ ਕੋਜੀਆਂ ਹਰਕਤਾਂ ਕਰ ਰਹੀ। ਉਨ੍ਹਾਂ ਕਿਹਾ ਕਿ ਅੱਜ ਦਾ ਦਲਿਤ ਜਾਗ ਉਠਿਆ ਹੈ। ਉਹ ਚੁੱਪ ਨਹੀਂ ਬੈਠੇਗਾ ਸਗੋਂ ਸਰਕਾਰ ਵਿਰੁੱਧ ਇੱਟ ਨਾਲ ਇੱਟ ਖੜਕਾ ਦੇਵੇਗਾ। ਇਸ ਮੌਕੇ ਸੁਰਜੀਤ ਸ਼ਾਲਾਪੁਰੀ, ਸੁਖਦੇਵ ਲਾਲ ਨਾਹਰ, ਮਲਕੀਤ ਜ਼ੈਲਦਾਰ, ਪਵਨ ਕੁਮਾਰ, ਅਮਰਜੀਤ ਸਿੰਘ, ਧਰਮਿੰਦਰ ਰਾਮ, ਸੁਖਦੇਵ ਪ੍ਰਧਾਨ ਜਾਗਰਣ ਕਮੇਟੀ, ਕਰਨੈਲ ਸਿੰਘ, ਆਕਾਸ਼ ਦੀਪ, ਰਾਜੂ, ਮਨਜੀਤ ਸ਼ਾਲਾਪੁਰੀ, ਗੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।