ਜਲੰਧਰ 'ਚ ਵੀ ਦਿੱਸਿਆ 'ਭਾਰਤ ਬੰਦ' ਦਾ ਅਸਰ , ਸੜਕਾਂ 'ਤੇ ਉਤਰੇ ਲੋਕ

01/29/2020 6:31:32 PM

ਜਲੰਧਰ (ਵਿਕਰਮ, ਸੋਨੂੰ, ਅਲੀ, ਮਜ਼ਹਰ) — ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ 'ਭਾਰਤ ਬੰਦ' ਦੀ ਕਾਲ ਦਾ ਮਿਲਿਆ-ਜੁਲਿਆ ਅਸਰ ਜਲੰਧਰ 'ਚ ਵੀ ਦੇਖਣ ਨੂੰ ਮਿਲਿਆ। ਭਾਰਤੀ ਮੁਕਤੀ ਮੋਰਚਾ ਅਤੇ ਖੱਬੇ ਪੱਖੀ ਦਲ ਵੱਲੋਂ ਬੰਦ ਦੀ ਕਾਲ ਨੂੰ ਕਾਮਯਾਬ ਬਣਾਉਣ ਲਈ ਮੁਸਲਿਮ ਭਾਈਚਾਰਾ ਸੜਕਾਂ 'ਤੇ ਉਤਰਿਆ ਅਤੇ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸੀ. ਏ. ਏ. ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਪੀ. ਏ. ਪੀ. ਚੌਕ ਸਮੇਤ ਨੈਸ਼ਨਲ ਹਾਈਵੇਅ ਨੰਬਰ-1 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਜਲੰਧਰ 'ਚ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਦੇ ਮੱਦੇਨਜ਼ਰ ਭਾਰੀ ਗਿਣਤੀ 'ਚ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਇਥੇ ਦੱਸ ਦੇਈਏ ਕਿ ਇਕ ਪਾਸੇ ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਰੋਜ਼ਾਨਾ ਵਾਂਗ ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹੇ ਹੋਏ ਹਨ। 


ਇਸ ਮੌਕੇ ਸੀ. ਏ. ਏ. ਅਤੇ ਐੱਨ. ਆਰ. ਸੀ. ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਨਮਾਜ਼ ਅਦਾ ਕਰਨ ਦਾ ਸਮਾਂ ਹੋਣ 'ਤੇ ਸੜਕ 'ਤੇ ਹੀ ਨਮਾਜ਼ ਅਦਾ ਕੀਤੀ। ਇਸ ਮੌਕੇ ਕਈ ਮੁਸਲਿਮ ਸੰਗਠਨਾਂ ਨੇ ਵੱਖ-ਵੱਖ ਸਥਾਨਾਂ ਤੋਂ ਆਪਣਾ ਅਲੱਗ ਮਾਰਚ ਕੱਢਿਆ, ਜਿਸ ਨਾਲ ਇਥੇ ਮੁਸਲਿਮ ਸੰਗਠਨਾਂ ਵਿਚ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਦਿਖਾਈ ਦਿੱਤੀ, ਉਥੇ ਹੀ ਸੀ. ਏ. ਏ. ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਨੂੰ ਜਲੰਧਰ ਵਿਚ ਭਾਰੀ ਧੱਕਾ ਲੱਗਿਆ। ਬਹੁਜਨ ਕ੍ਰਾਂਤੀ ਮੋਰਚਾ ਦੇ ਸੰਯੋਜਕ ਰਜਿੰਦਰ ਰਾਣਾ ਵਲੋਂ ਪੀ. ਏ. ਪੀ. ਚੌਕ ਵਿਚ ਧਰਨਾ ਦਿੱਤਾ ਗਿਆ। ਉਥੇ ਹੀ ਇਸ ਤੋਂ ਪਹਿਲਾਂ ਆਲ ਇੰਡੀਆ ਜਮਾਤ-ਏ-ਸਲਮਾਨੀ ਟਰੱਸਟ ਦੇ ਨੌਜਵਾਨ ਪ੍ਰਧਾਨ ਨਾਸਿਰ ਹਸਨ ਸਲਮਾਨੀ ਨੇ ਨਕੋਦਰ ਚੌਕ ’ਤੇ ਆਪਣੇ ਸਮਰਥਕਾਂ ਨੂੰ ਇਕੱਠਾ ਕੀਤਾ ਅਤੇ ਉਥੇ ਆਪਣੇ ਸਮਰਥਕਾਂ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ।


ਉਥੇ ਹੀ ਬੂਟਾ ਮੰਡੀ ਤੋਂ ਆਯੂਬ ਖਾਨ ਨੇ ਆਪਣੇ ਸਮਰਥਕਾਂ ਨਾਲ ਮੋਟਰਸਾਈਕਲ ਰੈਡੀ ਕੱਢ ਕੇ ਪੀ. ਏ. ਪੀ. ਚੌਕ ’ਤੇ ਪਹੁੰਚ ਕੇ ਬੰਦ ਦਾ ਸਮਰਥਨ ਕੀਤਾ ਅਤੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਬਹੁਜਨ ਕ੍ਰਾਂਤੀ ਮੋਰਚਾ ਦੇ ਨਾਲ ਧਰਨਾ ਦਿੱਤਾ। ਇਸ ਧਰਨੇ ਨੂੰ ਆਖਿਰ ਵਿਚ ਡੀ. ਸੀ. ਪੀ. ਬਲਕਾਰ ਸਿੰਘ ਨੇ ਖਤਮ ਕਰਵਾਇਆ। ਦੂਜੇ ਪਾਸੇ ਮਸਜਿਦ-ਏ-ਕੁਬਾ ਖਾਂਬਰਾ ਵਿਚ ਐੱਮ. ਆਲਮ, ਜੱਬਾਰ ਖਾਨ, ਅਬਦੁੱਲ ਸਤਾਰ ਠੇਕੇਦਾਰ, ਆਯੂਬ ਜੌਹਰੀ ਅਤੇ ਅਲਾਊਦੀਨ ਚਾਂਦ ਦੀ ਅਗਵਾਈ ਵਿਚ ਮੋਟਰਸਾਈਕਲ ਰੈਲੀ ਕੱਢੀ ਗਈ।

ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਕੱਠੇ ਹੁੰਦੇ ਹੋਏ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਸੀ. ਏ. ਏ. ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਅਤੇ ਚੀਫ ਜਸਟਿਸ ਆਫ ਇੰਡੀਆ ਦੇ ਨਾਂ ਡੀ. ਸੀ. ਪੀ. ਬਲਕਾਰ ਸਿੰਘ ਅਤੇ ਸੂਡਰਵਿਜੀ ਨੂੰ ਮੈਮੋਰੰਡਮ ਸੌਂਪਿਆ। ਇਸ ਮੌਕੇ ਅਬਦੁੱਲ ਸਤਾਰ ਠੇਕੇਦਾਰ ਨਕੋਦਰ, ਸ਼ਮਸ਼ਾਦ ਠੇਕੇਦਾਰ, ਚਿੰਟੂ ਠੇਕੇਦਾਰ, ਮੁਹੰਮਦ ਮੁਸਤਫਾ ਅਤੇ ਆਯੂਬ ਜੌਹਰੀ, ਅਖਤਰ ਸਲਮਾਨੀ, ਅਲਾਊਦੀਨ ਚਾਂਦ, ਐੱਸ.ਐੱਸ. ਹਸਨ, ਰਜ਼ਾ-ਏ-ਮੁਸਤਫਾ, ਮੁਹੱਬਤ ਅਲੀ, ਦਾਨਿਸ਼ ਅੰਸਾਰੀ, ਅਬਦੁਲ ਸਕੂਰ, ਡਾ. ਇਮਤਿਆਜ਼, ਕਿਊਮ ਠੇਕੇਦਾਰ, ਅਲੀ ਹੁਸੈਨ ਸਲਮਾਨੀ, ਨਦੀਮ ਸਲਮਾਨੀ, ਸ਼ਹਿਜਾਦ ਸਲਮਾਨੀ, ਸਮੀਉਲਾਹ, ਮੁਹੰਮਦ ਨਿਰਾਲੇ, ਸ਼ਕੀਲ, ਹੈਦਰ ਬਾਵਾ ਖੇਲ, ਹਾਜ਼ੀ ਅਹਿਮਦ ਕਰਤਾਰਪੁਰੀ, ਲਿਆਕਤ ਗੁੱਜਰ, ਮੁਹੰਮਦ ਆਜ਼ਾਦ ਬੇਕਰੀ ਵਾਲੇ ਆਦਿ ਹਾਜ਼ਰ ਸਨ।

 

shivani attri

This news is Content Editor shivani attri