ਕਪੂਰਥਲਾ 'ਚ ਵੀ ਸੜਕਾਂ 'ਤੇ ਉਤਰਿਆ ਰਵਿਦਾਸ ਭਾਈਚਾਰਾ, ਜਮ ਕੇ ਕੀਤੀ ਨਾਅਰੇਬਾਜ਼ੀ

08/11/2019 12:48:36 PM

ਕਪੂਰਥਲਾ (ਮਹਾਜਨ)— ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਇਕ ਮੰਦਿਰ ਨੂੰ ਉੱਚ ਅਦਾਲਤ ਦੇ ਹੁਕਮਾਂ 'ਤੇ ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਢਾਹੇ ਜਾਣ ਦੇ ਰੋਸ ਵਜੋਂ ਅੱਜ ਫਿਰ ਕਪੂਰਥਲਾ ਵਿਖੇ ਰਵਿਦਾਸ ਭਾਈਚਾਰੇ ਨੇ ਕਪੂਰਥਲਾ-ਜਲੰਧਰ ਮਾਰਗ 'ਤੇ ਚੱਕਾ ਜਾਮ ਕੀਤਾ। ਇਸ ਮਾਮਲੇ 'ਤੇ ਲੋਕਾਂ ਵੱਲੋਂ ਡੀ.ਸੀ. ਚੌਕ ਵਿਖੇ ਮੋਦੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਨਾਲ ਕਪੂਰਥਲਾ-ਜਲੰਧਰ ਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।

ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਰਵਿਦਾਸੀਏ ਸਮਾਜ ਦੇ ਬੁਲਾਰਿਆਂ ਨੇ ਕਿਹਾ ਕਿ 15ਵੀਂ ਸਦੀ 'ਚ ਇਹ ਜਮੀਨ ਦਿੱਲੀ ਦੇ ਸ਼ਾਸਕ ਰਾਜਾ ਸਿਕੰਦਰ ਲੋਧੀ ਵੱਲੋਂ ਗੁਰੂ ਰਵਿਦਾਸ ਮਹਾਰਾਜ ਨੂੰ ਦਿੱਤੀ ਗਈ ਸੀ ਜੋ ਅੱਜ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਬੋਲਦੀ ਹੈ। ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਮੰਦਿਰ ਨੂੰ ਆਪਣੇ ਕਬਜੇ 'ਚ ਲੈ ਲਿਆ ਹੈ, ਜਿਸ ਨਾਲ ਉਨ੍ਹਾਂ ਦੇ ਭਾਈਚਾਰੇ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਜੇਕਰ ਸਰਕਾਰ ਨੇ ਤੁਰੰਤ ਫੈਸਲਾ ਨਾ ਬਦਲਿਆ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਧਰਨੇ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ ਹਰਿੰਦਰ ਸਿੰਘ ਗਿੱਲ, ਸਿਟੀ ਇੰਚਾਰਜ ਪਰਮਜੀਤ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ ਲਿਆ।

shivani attri

This news is Content Editor shivani attri