ਪਾਈਪਾਂ ਨਾਲ ਗੱਡੀਆਂ ਤੇ ਫਰਸ਼ ਧੋਂਦੇ ਰਹੇ ਲੋਕ

04/26/2018 6:39:03 AM

ਜਲੰਧਰ, (ਖੁਰਾਣਾ)— ਨਗਰ ਨਿਗਮ ਦੇ ਵਾਟਰ ਬਿੱਲ ਵਿਭਾਗ ਨੇ ਪਾਣੀ ਅਤੇ ਇਸਦੀ ਫਜ਼ੂਲ ਖਰਚੀ ਰੋਕਣ ਲਈ ਬੀਤੇ ਦਿਨ ਨਿਰਦੇਸ਼ ਜਾਰੀ ਕੀਤੇ ਸਨ ਕਿ ਪਾਈਪ ਲਾ ਕੇ ਗੱਡੀ ਜਾਂ ਫਰਸ਼ ਧੋਣ ਵਾਲੇ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ। ਇਨ੍ਹਾਂ ਹੁਕਮਾਂ ਦੀਆਂ ਲੋਕਾਂ ਨੇ ਪਹਿਲੇ ਹੀ ਦਿਨ ਜਮ ਕੇ ਧੱਜੀਆਂ ਉਡਾਈਆਂ।
ਦੇਸ਼ ਭਗਤ ਯਾਦਗਾਰ ਹਾਲ ਦੇ ਨੇੜੇ ਲੱਗਦੇ ਕਾਰ ਬਾਜ਼ਾਰ ਵਾਲਿਆਂ ਨੇ ਸ਼ਰੇਆਮ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਨੂੰ ਪਾਈਪ ਨਾਲ ਧੋਣ ਦਾ ਸਿਲਸਿਲਾ ਜਾਰੀ ਰੱਖਿਆ। 
ਇਸੇ ਤਰ੍ਹਾਂ ਡੀ. ਸੀ. ਕੰਪਲੈਕਸ ਵਿਚ ਸਥਿਤ ਸੁਵਿਧਾ ਸੈਂਟਰ ਦੇ ਬਾਹਰ ਵੀ ਸਰਕਾਰੀ ਕਰਮਚਾਰੀ ਦੁਪਹਿਰ ਵੇਲੇ ਫਰਸ਼ ਧੋਂਦਾ ਤੇ ਬੂਟਿਆਂ ਨੂੰ ਪਾਣੀ ਦਿੰਦਾ ਨਜ਼ਰ ਆਇਆ। ਸ਼ਹਿਰ ਵਿਚ ਕਈ ਥਾਵਾਂ 'ਤੇ ਪਾਣੀ ਦੀ ਬਰਬਾਦੀ ਦੇ ਅਜਿਹੇ ਦ੍ਰਿਸ਼ ਵੇਖਣ ਨੂੰ ਮਿਲੇ। ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਟੀਮਾਂ ਬਣਾਈਆਂ ਜਾ ਰਹੀਆਂ ਹਨ, ਜਿਸ ਲਈ ਸ਼ਹਿਰ ਨੂੰ ਬਿਲਡਿੰਗ ਵਿਭਾਗ ਵਾਂਗ 20 ਸੈਕਟਰਾਂ ਵਿਚ ਵੰਡਿਆ ਜਾਵੇਗਾ।