ਮਨਸੂਰਵਾਲ ਦੋਨਾ ਵਿਖੇ ਬਲਾਕ ਸੀਵਰੇਜ ਤੇ ਬਰਸਾਤੀ ਪਾਣੀ ਤੋਂ ਲੋਕ ਪ੍ਰੇਸ਼ਾਨ

03/24/2018 5:48:16 AM

ਕਪੂਰਥਲਾ, (ਗੁਰਵਿੰਦਰ ਕੌਰ)- ਸਿਹਤ ਵਿਭਾਗ ਵੱਲੋਂ ਆਏ ਦਿਨ ਕੂਲਰਾਂ, ਛੱਤਾਂ ਜਾਂ ਘਰਾਂ ਦੀਆਂ ਹੋਰ ਥਾਵਾਂ 'ਤੇ ਖੜ੍ਹੇ ਪਾਣੀ ਕਾਰਨ ਪੈਦਾ ਹੁੰਦੇ ਮੱਛਰਾਂ ਕਾਰਨ ਚਲਾਨ ਕੀਤੇ ਜਾ ਰਹੇ ਹਨ ਪਰ ਮਾੜੇ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ 'ਤੇ ਕਈ-ਕਈ ਦਿਨ ਜਮ੍ਹਾ ਰਹਿੰਦਾ ਹੈ, ਜਿਹੜਾ ਕਿਸੇ ਪਾਸਿਓਂ ਨਹੀਂ ਨਿਕਲਦਾ ਤੇ ਕਈ-ਕਈ ਦਿਨ ਜਮ੍ਹਾ ਹੋਏ ਇਸ ਪਾਣੀ 'ਤੇ ਵੱਡੀ ਤਦਾਦ 'ਚ ਮੱਛਰ ਪੈਦਾ ਹੁੰਦੇ ਹਨ। ਇਸ ਲਈ ਜ਼ਿੰਮੇਵਾਰ ਕੌਣ ਹੈ ਨਗਰ ਕੌਂਸਲ ਜਾਂ ਪ੍ਰਸ਼ਾਸਨ। ਅਜਿਹਾ ਹੀ ਇਕ ਮਾਮਲਾ ਮਨਸੂਰਵਾਲ ਦੋਨਾ ਵਿਖੇ ਸੜਕ 'ਤੇ ਜਮ੍ਹਾ ਹੋਏ ਬਰਸਾਤੀ ਪਾਣੀ ਦਾ ਹੈ, ਜਿਹੜਾ ਕਿ ਬੀਤੇ ਦੋ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਇਸੇ ਤਰ੍ਹਾਂ ਹੀ ਇਕ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ, ਜਿਸ 'ਤੇ ਮੱਖੀ ਮੱਛਰ ਭਾਰੀ ਮਾਤਰਾ 'ਚ ਜਮ੍ਹਾ ਹੋ ਗਏ ਹਨ। ਜਿਥੇ ਇਥੋਂ ਦੇ ਨਿਵਾਸੀਆਂ, ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਬਰਸਾਤੀ ਪਾਣੀ ਦੇ ਖੜ੍ਹੇ ਹੋਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ । ਇਥੋਂ ਦੇ ਸੀਵਰੇਜ ਜਾਮ ਦਾ ਪਾਣੀ ਵੀ ਇਸ ਪਾਣੀ 'ਚ ਮਿਲਣ ਕਾਰਨ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। 
ਸਥਾਨਕ ਨਵਾਸੀ ਤੇ ਦੁਕਾਨਦਾਰ ਜਗਦੀਸ਼ ਸੋਨਾ, ਸੁਰਿੰਦਰ ਸਿੰਘ, ਚੇਤਨ ਯਾਦਵ, ਰਾਜਾ ਵਾਲੀਆ ਤੇ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਉਪਰੋਕਤ ਸਮੱਸਿਆ ਸਬੰਧੀ ਨਗਰ ਕੌਂਸਲ ਕਪੂਰਥਲਾ ਦੇ ਕਰਮਚਾਰੀਆਂ ਤੇ ਇਥੋਂ ਦੇ ਕੌਂਸਲਰ ਨੂੰ ਵੀ ਜਾਣੂ ਕਰਵਾ ਚੁਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਥੇ ਉਨ੍ਹਾਂ ਨੂੰ ਸੀਵਰੇਜ ਜਾਮ ਦੇ ਕਾਰਨ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਸੀ, ਉਥੇ ਹੀ ਹੁਣ ਬਰਸਾਤ ਦਾ ਪਾਣੀ ਵੀ ਜਮ੍ਹਾ ਹੋਣ ਦੇ ਕਾਰਨ ਮੱਛਰ ਭਾਰੀ ਮਾਤਰਾ 'ਚ ਇਕੱਠਾ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਦਾ ਦੁਕਾਨਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ ਤੇ ਮੱਛਰਾਂ ਦੇ ਕਾਰਨ ਕਿਸੇ ਭਿਆਨਕ ਬੀਮਾਰੀ ਦੇ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਨੂੰ ਪਹਿਲਤਾ ਦੇ ਅਧਾਰ 'ਤੇ ਹੱਲ ਕੀਤਾ ਜਾਵੇ ਤੇ ਉਪਰੋਕਤ ਸੀਵਰੇਜ ਨੂੰ ਜਿਥੇ ਖੁਲ੍ਹਵਾਇਆ ਜਾਵੇ ਉਥੇ ਹੀ ਬਰਸਾਤੀ ਪਾਣੀ ਦੇ ਨਿਕਾਸ ਦਾ ਵੀ ਉਚਿਤ ਪ੍ਰਬੰਧ ਕੀਤਾ ਜਾਵੇ। 
ਕੀ ਕਹਿੰਦੇ ਹਨ ਈ. ਓ. ਗੋਇਲ
ਇਸ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲਭੂਸ਼ਣ ਗੋਇਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਜਾਮ ਸਬੰਧੀ ਸ਼ਹਿਰ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਂਦੀ ਹੈ ਪਰ ਉਪਰੋਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਜਾਮ ਨੂੰ ਪਹਿਲਤਾ ਦੇ ਆਧਾਰ 'ਤੇ ਖੁਲ੍ਹਵਾ ਕੇ ਸਥਾਨਕ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ।