ਲੋਕਾਂ ਨੇ ਨਸ਼ਾ ਵੇਚਣ ਦੇ ਦੋਸ਼ ’ਚ 3 ਵਿਅਕਤੀ ਕੀਤੇ  ਪੁਲਸ ਹਵਾਲੇ

07/16/2018 4:58:43 AM

ਫਿਰੋਜ਼ਪੁਰ/ਮਮਦੋਟ, (ਕੁਮਾਰ, ਮਲਹੋਤਰਾ, ਹਰਚਰਨ, ਬਿੱਟੂ,ਸੰਜੀਵ)– ਪੰਜਾਬ ਵਿਚ ਲੋਕ ਨਸ਼ੇ ਦੀ ਰੋਕਥਾਮ  ਲਈ ਘਰੋਂ ਬਾਹਰ ਨਿਕਲ ਆਏ ਹਨ ਅਤੇ ਆਪਣੇ ਬੱਚਿਆਂ ਨੂੰ ਬਚਾਉਣ  ਲਈ ਖੁਦ ਨਸ਼ੇ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਫਡ਼ ਕੇ ਪੁਲਸ ਦੇ ਹਵਾਲੇ ਕਰਨ ਲੱਗੇ ਹਨ। ਇਸ  ਸਬੰਧੀ ਜਾਣਕਾਰੀ ਦਿੰਦਿਅਾਂ ਪੰਜਾਬ ਦੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ  ਸੁਖਪਾਲ ਸਿੰਘ ਨੰਨੂ ਨੇ ਦੱਸਿਆ ਕਿ ਅੱਜ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿਚ ਜਿਥੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਦੇ ਨਜ਼ਦੀਕ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਤਿੰਨ ਨਸ਼ਾ ਵੇਚਣ ਵਾਲੇ ਕਥਿਤ ਸਮੱਗਲਰਾਂ ਨੂੰ ਫਿਰੋਜ਼ਪੁਰ ਪੁਲਸ ਦੇ ਹਵਾਲੇ ਕੀਤਾ ਹੈ।  
ਕਲੱਬ ਦੇ ਮੈਂਬਰਾਂ ਨੇ ਇਨ੍ਹਾਂ ਸਮੱਗਲਰਾਂ ਤੋਂ ਡਰੱਗ, ਡਰੱਗ ਮਨੀ ਅਤੇ ਨਸ਼ੇ ਵਾਲੇ ਪਦਾਰਥ ਤੋਲਣ ਵਾਲਾ ਛੋਟਾ ਕੰਡਾ ਵੀ ਬਰਾਮਦ ਕੀਤਾ ਹੈ। ਨਸ਼ਾ ਵੇਚਣ ਵਾਲੇ ਇਨ੍ਹਾਂ  ਸਮੱਗਲਰਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਪਿੰਡ ਦੌਲੇਵਾਲਾ ਤੋਂ ਨਸ਼ਾ ਲਿਆ ਕੇ ਅੱਗੇ ਨੌਜਵਾਨਾਂ ਨੂੰ ਵੇਚਦੇ ਸਨ। ਅੱਜ ਲੋਕਾਂ ਵੱਲੋਂ ਸੂਚਨਾ ਦੇਣ ’ਤੇ ਥਾਣਾ ਸਦਰ ਫਿਰੋਜ਼ਪੁਰ, ਥਾਣਾ ਸਿਟੀ ਫਿਰੋਜ਼ਪੁਰ ਅਤੇ ਸੀ. ਆਈ. ਏ. ਸਟਾਫ ਦੀ ਪੁਲਸ ਪਿੰਡ ਵਿਚ ਪਹੁੰਚੀ ਅਤੇ ਉਨ੍ਹਾਂ  ਕਥਿਤ ਸਮੱਗਲਰਾਂ ਨੂੰ ਫਡ਼ ਕੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਲੋਕਾਂ ਨੇ ਇਨ੍ਹਾਂ ਕਥਿਤ ਸਮੱਗਲਰਾਂ ਨੂੰ ਫਡ਼ ਕੇ ਉਨ੍ਹਾਂ ਦੀ ਕੁੱਟ-ਮਾਰ ਵੀ ਕੀਤੀ। ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਲੋਕ ਨਸ਼ੇ ਨੂੰ ਬੰਦ ਕਰਵਾਉਣ, ਨਸ਼ੇ ਦੀ ਸਮੱਗਲਿੰਗ ਬੰਦ ਕਰਵਾਉਣ  ਲਈ  ਘਰਾਂ ਤੋਂ ਬਾਹਰ ਨਿਕਲਣ ਅਤੇ ਪੁਲਸ ਨੂੰ ਸਹਿਯੋਗ ਦੇ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ।