ਵਾਰਡ ''ਚ ਗੰਦਾ ਪਾਣੀ ਆਉਣ ਕਾਰਨ ਲੋਕਾਂ ''ਚ ਰੋਸ

01/19/2018 12:30:51 AM

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਨਗਰ ਨਿਗਮ ਮੋਗਾ ਅਧੀਨ ਪੈਂਦੀ ਗਰੀਨ ਫੀਲਡ ਕਾਲੋਨੀ 'ਚ ਵਾਟਰ ਵਰਕਸਾਂ ਰਾਹੀਂ ਲੋਕਾਂ ਨੂੰ ਸਪਲਾਈ ਹੁੰਦਾ ਪਾਣੀ ਸ਼ੁੱਧ ਨਾ ਹੋਣ ਕਾਰਨ ਲੋਕਾਂ 'ਚ ਨਗਰ ਨਿਗਮ ਪ੍ਰਸ਼ਾਸਨ ਅਤੇ ਕੌਂਸਲਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਜੋ ਉਨ੍ਹਾਂ ਨੂੰ ਪਾਣੀ ਸਪਲਾਈ ਹੁੰਦਾ ਹੈ, ਉਸ 'ਚ ਰੇਤ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਰਡ ਵਾਸੀਆਂ ਨੂੰ ਡਰ ਹੈ ਕਿ ਉਹ ਇਸ ਗੰਦੇ ਪਾਣੀ ਕਾਰਨ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਨਾ ਹੋ ਜਾਣ। 
ਗੱਲਬਾਤ ਕਰਦਿਆਂ ਕਾਲੋਨੀ ਨਿਵਾਸੀਆਂ ਤੋਂ ਇਲਾਵਾ ਹੋਰ ਕਈ ਵਾਰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਕਈ ਵਾਰ ਸਬੰਧਤ ਵਿਭਾਗ ਅੱਗੇ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਗੁਹਾਰ ਲਾ ਚੁੱਕੇ ਹਨ। ਵਿਭਾਗ ਨੇ ਤਾਂ ਉਨ੍ਹਾਂ ਦੀ ਸਮੱਸਿਆ ਦਾ ਕੀ ਹੱਲ ਕਰਨਾ ਸੀ, ਵਾਰਡ ਦੇ ਕੌਂਸਲਰ ਨੇ ਇਕ ਵਾਰ ਆ ਕੇ ਮੌਕਾ ਤੱਕ ਨਹੀਂ ਦੇਖਿਆ। ਉਨ੍ਹਾਂ ਡਿਪਟੀ ਕਮਿਸ਼ਨਰ ਮੋਗਾ ਤੋਂ ਇਲਾਵਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵਾਟਰ ਵਰਕਸ ਰਾਹੀਂ ਪੀਣ ਵਾਲੇ ਸਪਲਾਈ ਹੁੰਦੇ ਗੰਦੇ ਪਾਣੀ ਦਾ ਪੁਖਤਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ ਤੇ ਉਹ ਬੀਮਾਰੀਆਂ ਤੋਂ ਬਚ ਸਕਣ। 
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਜਲਦ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਕੀ ਕਹਿਣਾ ਹੈ ਕੌਂਸਲਰ ਦਾ : ਜਦੋਂ ਇਸ ਸਬੰਧ 'ਚ ਵਾਰਡ ਕੌਂਸਲਰ ਦੇ ਪਤੀ ਨਿਰੋਤਮ ਪੁਰੀ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਵੀ ਵਾਰਡ ਵਾਸੀ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਲਿਆਂਦਾ। ਉਨ੍ਹਾਂ ਕਿਹਾ ਕਿ ਜੇਕਰ ਵਾਰਡ ਵਾਸੀ ਆਪਣੀ ਸਮੱਸਿਆ ਸਬੰਧੀ ਉਸ ਨੂੰ ਜਾਣੂ ਕਰਵਾਉਣਗੇ ਤਾਂ ਉਨ੍ਹਾਂ ਦੀ ਮੁਸ਼ਕਲ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।