ਦੂਸ਼ਿਤ ਪਾਣੀ ਆਉਣ ਕਾਰਨ ਲੋਕਾਂ ''ਚ ਰੋਸ

02/26/2018 2:44:00 AM

ਰੂਪਨਗਰ,   (ਕੈਲਾਸ਼)-  ਸ਼ਹਿਰ ਦੇ ਕੁਝ ਮੁਹੱਲਿਆਂ 'ਚ ਸਪਲਾਈ ਕੀਤੇ ਜਾ ਰਹੇ ਗੰਦੇ ਪਾਣੀ ਕਾਰਨ ਮੁਹੱਲਾ ਵਾਸੀਆਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਬਲਿਕ ਕਾਲੋਨੀ, ਰਣਜੀਤ ਐਵੇਨਿਊ, ਪ੍ਰੀਤ ਕਾਲੋਨੀ ਦੇ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਵੱਲੋਂ ਸਪਲਾਈ ਕੀਤੇ ਜਾ ਰਹੇ ਪੀਣ ਵਾਲੇ ਪਾਣੀ ਦਾ ਰੰਗ ਪੀਲਾ ਹੋਣ ਕਾਰਨ ਇਹ ਪੀਣ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਸਾਫ ਪਾਣੀ ਆਉਣ ਦੇ ਇੰਤਜ਼ਾਰ 'ਚ ਪੀਲੇ ਰੰਗ ਦੇ ਪਾਣੀ ਨੂੰ ਵਾਰ-ਵਾਰ ਡੋਲ੍ਹਣਾ ਪੈਂਦਾ ਹੈ, ਜਿਸ ਕਾਰਨ ਭਾਰੀ ਮਾਤਰਾ 'ਚ ਪਾਣੀ ਬਰਬਾਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਲੋਕਾਂ ਨੇ ਦੱਸਿਆ ਕਿ ਉਕਤ ਗੰਦਾ ਪਾਣੀ ਆਉਣ ਕਾਰਨ ਉਨ੍ਹਾਂ 'ਚ ਰੋਗ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸ਼ਹਿਰ 'ਚ ਸੌ ਫੀਸਦੀ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਸ਼ੁੱਧ ਅਤੇ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ।