ਖਾਲੀ ਬਾਲਟੀਆਂ ਲੈ ਕੇ ਲੋਕਾਂ ਕੀਤਾ ਪ੍ਰਦਰਸ਼ਨ

09/24/2017 12:49:44 AM

ਹੁਸ਼ਿਆਰਪੁਰ,  (ਘੁੰਮਣ)-  ਜਨੌੜੀ, ਚੌਕੀ ਪਟਿਆੜੀ ਤੇ ਬਾੜੀਖੱਡ ਵਾਟਰ ਸਪਲਾਈ ਸਕੀਮਾਂ ਦੇ ਲੱਖਾਂ ਰੁਪਏ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਕਰ ਕੇ ਪੰਜਾਬ ਸਟੇਟ ਪਾਵਰਕਾਮ ਲਿਮ. ਨੇ ਇਨ੍ਹਾਂ ਸਕੀਮਾਂ ਦੀਆਂ ਮੋਟਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਅੱਜ ਇਲਾਕੇ ਦੇ ਲੋਕਾਂ ਨੇ ਲੇਬਰ ਪਾਰਟੀ ਭਾਰਤ ਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਸੀਮਾ ਰਾਣੀ ਦੀ ਅਗਵਾਈ 'ਚ ਖਾਲੀ ਬਰਤਨਾਂ ਸਮੇਤ ਜਨੌੜੀ ਤੇ ਤੱਖਣੀ ਪਿੰਡਾਂ 'ਚ ਰੋਸ ਪ੍ਰਦਰਸ਼ਨ ਕੀਤੇ। 
ਧੀਮਾਨ ਤੇ ਸਫ਼ਲ ਗੁਰੂ ਪ੍ਰੰਪਰਾ ਦੇ ਰਾਸ਼ਟਰੀ ਸੰਯੋਜਕ ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਪਿਛਲੇ 4 ਦਿਨਾਂ ਤੋਂ ਉਕਤ ਵਾਟਰ ਸਪਲਾਈ ਸਕੀਮਾਂ ਦੇ ਕੁਨੈਕਸ਼ਨ ਕੱਟ ਦੇਣ ਨਾਲ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਜਨੌੜੀ ਵਿਚ ਦੋ ਟਿਊਬਵੈੱਲ ਹਨ, ਜਿਨ੍ਹਾਂ ਵਿਚੋਂ ਇਕ ਨੂੰ ਪੰਚਾਇਤ ਚਲਾ ਰਹੀ ਹੈ ਤੇ ਉਸ ਦਾ ਬਿੱਲ ਪ੍ਰਤੀ ਘਰ 150 ਰੁਪਏ ਲਿਆ ਜਾਂਦਾ ਹੈ। ਦੂਸਰੇ ਨੂੰ ਪਾਵਰਕਾਮ ਚਲਾ ਰਿਹਾ ਹੈ, ਜਿਸ ਦਾ ਬਿੱਲ ਪ੍ਰਤੀ ਘਰ 75 ਰੁਪਏ ਲਿਆ ਜਾਂਦਾ ਹੈ। ਦੋਵਾਂ ਸਕੀਮਾਂ ਤੋਂ ਇਕ ਦਿਨ ਛੱਡ ਕੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। 19 ਸਤੰਬਰ ਨੂੰ ਪੰਚਾਇਤੀ ਰਾਜ  ਅਧੀਨ ਵਾਟਰ ਸਪਲਾਈ ਸਕੀਮਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜਨੌੜੀ ਸਕੀਮ ਅਧੀਨ ਜ਼ਿਆਦਾਤਰ ਲੋਕ ਨਵੰਬਰ 2017 ਤੱਕ ਦੇ ਬਿੱਲਾਂ ਦਾ ਭੁਗਤਾਨ ਕਰ ਵੀ ਚੁੱਕੇ ਹਨ, ਦੇ ਬਾਵਜੂਦ ਉਹ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਹਨ। ਲੋਕਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪਾਣੀ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾਂ ਚੌਕੀ ਪਟਿਆੜੀ ਤੇ ਤੱਖਣੀ ਪਿੰਡਾਂ ਦੇ ਲੋਕਾਂ ਨੂੰ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ। 
ਇਸ ਮੌਕੇ ਸੁਰਜੀਤ ਮਿਨਹਾਸ, ਸੁਦੇਸ਼, ਅੰਜੂ, ਸੰਤੋਸ਼, ਪੂਜਾ, ਪੂਨਮ, ਇੰਦੂ, ਸੁਦਰਸ਼ਨਾ, ਸੁਭਾਸ਼ ਚੰਦਰ, ਸੁਸ਼ਮਾ, ਬਲਵਿੰਦਰ, ਗੁਰਮੀਤ ਕੌਰ, ਸਤਪਾਲ, ਬਲਵੀਰ ਸਿੰਘ, ਅਰੁਣਾ ਮਿਨਹਾਸ ਆਦਿ ਵੀ ਮੌਜੂਦ ਸਨ।